ਯੋਰੋਸ਼ਲਮ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਘਿਰਿਆ ਅਮਰੀਕਾ


ਵਾਸ਼ਿੰਗਟਨ, 9 ਦਸੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਤਾਕਤਵਰ ਮੈਂਬਰਾਂ ਨੇ ਅਮਰੀਕਾ ਨੂੰ ਅੱਜ ਖੁੱਡੇ ਲਾ ਦਿੱਤਾ। ਅਮਰੀਕਾ ਦੇ ਬ੍ਰਿਟੇਨ ਅਤੇ ਫਰਾਂਸ ਵਰਗੇ ਭਾਈਵਾਲ ਵੀ ਉਸ ਦੇ ਫ਼ੈਸਲੇ ਖ਼ਿਲਾਫ਼ ਖੁਲ੍ਹ ਕੇ ਆ ਗਏ ਅਤੇ ਜ਼ੋਰਦਾਰ ਢੰਗ ਨਾਲ ਅਮਰੀਕਾ ਦੀ ਨਿਖੇਧੀ ਕੀਤੀ। ਸੰਯੁਕਤ ਰਾਸ਼ਟਰ ’ਚ ਅਮਰੀਕੀ ਕੂਟਨੀਤਕ ਨਿੱਕੀ ਹੇਲੀ ਨੇ ਹੀ ਸਿਰਫ਼ ਟਰੰਪ ਦੇ ਯੋਰੋਸ਼ਲਮ ਬਾਰੇ ਫ਼ੈਸਲੇ ਦਾ ਪੱਖ ਪੂਰਿਆ।

ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਤਾਕਤਵਰ ਜਥੇਬੰਦੀ ਦੇ ਸਥਾਈ ਨੁਮਾਇੰਦਿਆਂ ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ ਅਤੇ ਸਵੀਡਨ ਨੇ ਸਾਂਝੇ ਬਿਆਨ ’ਚ ਕਿਹਾ,‘‘ਅਸੀਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਅਤੇ ਤਲ ਅਵੀਵ ਤੋਂ ਯੋਰੋਸ਼ਲਮ ’ਚ ਅਮਰੀਕੀ ਸਫ਼ਾਰਤਖ਼ਾਨਾ ਖੋਲ੍ਹਣ ਦੀਆਂ ਤਿਆਰੀਆਂ ਦੇ ਫ਼ੈਸਲੇ ਤੋਂ ਅਸਹਿਮਤ ਹਾਂ। ਇਹ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਅਨੁਸਾਰ ਨਹੀਂ ਹੈ ਅਤੇ ਖ਼ਿੱਤੇ ’ਚ ਸ਼ਾਂਤੀ ਦੀਆਂ ਸੰਭਾਵਨਾਵਾਂ ਲਈ ਇਹ ਫ਼ੈਸਲਾ ਅੜਿੱਕਾ ਬਣ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਯੋਰੋਸ਼ਲਮ ਦਾ ਰੁਤਬਾ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਦਰਮਿਆਨ ਗੱਲਬਾਤ ਰਾਹੀਂ ਤੈਅ ਹੋਣਾ ਚਾਹੀਦਾ ਹੈ। ਹੰਗਾਮੀ ਬੈਠਕ ਦੀ ਅਗਵਾਈ ਜਾਪਾਨ ਵੱਲੋਂ ਕੀਤੀ ਗਈ ਜੋ ਦਸੰਬਰ ਤਕ ਸਲਾਮਤੀ ਪ੍ਰੀਸ਼ਦ ਦਾ ਪ੍ਰਧਾਨ ਹੈ।

ਹੇਲੀ ਨੇ ਸਲਾਮਤੀ ਪ੍ਰੀਸ਼ਦ ’ਚ ਟਰੰਪ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਅਮਰੀਕਾ ਨੇ ਸੋਚ-ਵਿਚਾਰ ਕੇ ਕਦਮ ਚੁੱਕਿਆ ਹੈ ਅਤੇ ਉਹ ਜਾਣਦਾ ਸੀ ਕਿ ਇਸ ਨਾਲ ਸਵਾਲ ਉਠਣਗੇ। ਉਸ ਮੁਤਾਬਕ ਇਹ ਕਦਮ ਖ਼ਿੱਤੇ ’ਚ ਸ਼ਾਂਤੀ ਬਹਾਲੀ ਦੇ ਯਤਨਾਂ ਲਈ ਚੁੱਕਿਆ ਗਿਆ ਹੈ ਅਤੇ ਸਰਹੱਦਾਂ ਤੇ ਖੁਦਮੁਖਤਿਆਰੀ ਬਾਰੇ ਫ਼ੈਸਲਾ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਵੱਲੋਂ ਲਿਆ ਜਾਣਾ ਚਾਹੀਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯੋਰੋਸ਼ਲਮ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਘਿਰਿਆ ਅਮਰੀਕਾ