ਮੁੰਬਈ ’ਚ ਇੱਕ ਇਮਾਰਤ ਨੂੰ ਲੱਗੀ ਅੱਗ : 15 ਦੀ ਮੌਤ, 16 ਜ਼ਖਮੀ


ਮੁੰਬਈ, 29 ਦਸੰਬਰ (ਏਜੰਸੀ) : ਮੁੰਬਈ ’ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਅਮਰੀਕਾ ਤੋਂ ਆਏ 2 ਭਾਰਤੀਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਅੱਗ ਕਮਲਾ ਮਿਲਸ ਕੰਪਾਊਂਡ ਸਥਿਤ 1-ਅਬਵ ਰੈਸਟੋਰੈਂਟ, ਲੰਡਨ ਟੈਕਸੀ ਬਾਰ ਅਤੇ ਮੋਜੋ ਪੱਬ ਵਿੱਚ ਦੀ ਇਮਾਰਤ ਵਿੱਚ ਲੱਗੀ। ਹਾਦਸੇ ਸਮੇਂ ਇਮਾਰਤ ਦੀ ਛੱਤ ’ਤੇ ਖੁਸ਼ਬੂ ਬੰਸਲ (28 ਸਾਲ) ਨਾਂ ਦੀ ਔਰਤ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਅੱਗ ਲੱਗਣ ਦੌਰਾਨ ਖੁਸ਼ਬੂ ਸਮੇਤ ਜਨਮ ਦਿਨ ਦੀ ਪਾਰਟੀ ਦੇ ਜਸ਼ਨਾਂ ’ਚ ਸ਼ਾਮਲ ਹੋਈਆਂ ਉਸ ਦੀਆਂ ਸਹੇਲੀਆਂ ਦੀ ਵੀ ਦਮ ਘੁਟਣ ਕਾਰਨ ਮੌਤ ਹੋ ਗਈ।

ਇਸ ਦੇ ਨਾਲ ਹੀ ਅਮਰੀਕਾ ਤੋਂ ਆਏ ਦੋ ਨੌਜਵਾਨਾਂ ਦਾ ਵੀ ਦੇਹਾਂਤ ਹੋ ਗਿਆ। ਇਹ ਆਪਣੀ ਇੱਕ ਰਿਸ਼ਤੇਦਾਰ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਅਮਰੀਕਾ ਤੋਂ ਆਏ ਇਨ੍ਹਾਂ ਨੌਜਵਾਨਾਂ ਦੀ ਪਛਾਣ ਧੈਰਿਆ ਲਲਾਨੀ (26 ਸਾਲ) ਅਤੇ ਵਿਸ਼ਵਾ ਲਲਾਨੀ (23 ਸਾਲ) ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਰੈਸਟੋਰੈਂ ਅਤੇ ਪੱਬ ਵਿੱਚ ਅੱਗ ਲੱਗਣ ਕਾਰਨ ਭਗਦੜ ਮਚ ਗਈ ਸੀ। ਇਸ ਕਾਰਨ ਕਈ ਤਾਂ ਭਗਦੜ ਵਿੱਚ ਹੀ ਮਾਰੇ ਗਏ। ਜ਼ਖ਼ਮੀਆਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਕਿੰਗ ਐਡਵਰਡ ਮੈਮੋਰੀਅਲ ਹਸਪਤਾਲ (ਕੇਈਐਮ) ਨੇ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਨੇ 1-ਅਬਵ ਰੈਸਟੋਰੈਂਟ ਵਿਰੁੱਧ ਆਈਪੀਸੀ ਦੀ ਧਾਰਾ 304 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਫਿਲਹਾਲ ਨਹੀਂ ਲੱਗ ਸਕਿਆ ਹੈ, ਪਰ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਸਭ ਤੋਂ ਪਹਿਲਾਂ 1-ਅਬਵ ਰੈਸਟੋਰੈਂਟ ਵਿੱਚ ਲੱਗੀ। ਇਸ ਦੀ ਬਾਂਸ ਅਤੇ ਪਲਾਸਟਿਕ ਨਾਲ ਬਣੀ ਸ਼ੈੱਡ ਕਾਰਨ ਅੱਗ ਜਿਆਦਾ ਤੇਜ਼ ਹੋ ਗਈ। ਇਹ ਅੱਗ ਫਿਰ ਦੂਜੀ ਬਿਲਡਿੰਗ ਵਿੱਚ ਮੌਜੂਦ ਦੋ ਬਾਰਾਂ-ਮੋਜੋ ਅਤੇ ਲੰਡਨ ਟੈਕਸੀ ਵਿੱਚ ਫੈਲ ਗਈ। ਰੇਸਤਰਾਂ ਵਿੱਚ ਮੌਜੂਦ ਲੋਕ ਵਾਸ਼ਰੂਮ ਵਿੱਚ ਛੁਪ ਕੇ ਖੁਦ ਨੂੰ ਬਚਾਉਣ ਦਾ ਯਤਨ ਕਰਨ ਲੱਗੇ ਅਤੇ ਉਸ ਵਿੱਚ ਫਸ ਗਏ। ਉਨ੍ਹਾਂ ਨੂੰ ਜਾਣ ਦਾ ਰਾਹ ਨਹੀਂ ਮਿਲਿਆ। ਇਸ ਕਾਰਨ ਜਿਆਦਾਤਰ ਲੋਕ ਵਾਸ਼ਰੂਮ ਦੇ ਨੇੜੇ-ਤੇੜੇ ਮਾਰੇ ਗਏ ਹਨ। ਜੋ ਲੋਕ ਉਪਰ ਵਾਲੀ ਮੰਜਿਲ ਵਿੱਚ ਫਸ ਗਏ ਸਨ, ਉਹ ਕਿਸੇ ਤਰ੍ਹਾਂ ਨੇੜਲੀ ਇਮਾਰਤ ਵਿੱਚ ਜਾਣ ਵਿੱਚ ਸਫ਼ਲ ਹੋ ਗਏ, ਜਿੱਥੋਂ ਉਨ੍ਹਾਂ ਨੂੰ ਫਾਇਰ ਬ੍ਰਿਗੇਡ ਨੇ ਸਪੈਸ਼ਲ ਪੌੜੀ ਰਾਹੀਂ ਬਚਾ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਜਿਆਦਾਤਰ ਔਰਤਾਂ ਹਨ, ਜੋ ਕਿ ਟੈਰੇਸ ’ਤੇ ਸਥਿਤ ਰੇਸਤਰਾਂ ਵਿੱਚ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਗਈਆਂ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਕੇਈਐਮ ਹਸਪਤਾਲ ਦੇ ਡੀਨ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ 21 ਲੋਕਾਂ ਨੂੰ ਇੱਥੇ ਲਿਆਂਦਾ ਗਿਆ ਸੀ। ਉਧਰ ਬ੍ਰੀਚ ਕੈਂਡੀ ਹਸਪਤਾਲ ਨੇ 10 ਤੋਂ 15 ਜ਼ਖ਼ਮੀ ਦੇ ਲਿਆਂਦੇ ਜਾਣ ਦੀ ਪੁਸ਼ਟੀ ਕੀਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਕੁਝ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁੰਬਈ ’ਚ ਇੱਕ ਇਮਾਰਤ ਨੂੰ ਲੱਗੀ ਅੱਗ : 15 ਦੀ ਮੌਤ, 16 ਜ਼ਖਮੀ