ਗੁਜਰਾਤ ਚੋਣਾਂ ਨੇ ਮੋਦੀ ਦੀ ਭਰੋਸੇਯੋਗਤਾ ‘ਤੇ ਸਵਾਲ ਚੁਕਿਆ : ਰਾਹੁਲ

Rahul-Gandhi

ਨਵੀਂ ਦਿੱਲੀ, 19 ਦਸੰਬਰ (ਏਜੰਸੀ) : ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ਦੇ ਨਤੀਜਿਆਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕਰਦਿਆਂ ਅੱਜ ਕਿਹਾ ਕਿ ਇਨ੍ਹਾਂ ਨਤੀਜਿਆਂ ਕਾਰਨ ਉਨ੍ਹਾਂ ਦੀ ਵਿਸ਼ਵਾਸਯੋਗਤਾ ‘ਤੇ ਸਵਾਲ ਉਠ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਨੂੰ ਦੇਸ਼ ਨਹੀਂ ਸੁਣ ਰਿਹਾ। ਰਾਹੁਲ ਨੇ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨੂੰ ਕਿਹਾ, ‘ਤਿੰਨ ਚਾਰ ਮਹੀਨੇ ਪਹਿਲਾਂ ਜਦ ਅਸੀਂ ਗੁਜਰਾਤ ਗਏ ਸੀ ਤਾਂ ਕਿਹਾ ਗਿਆ ਸੀ ਕਿ ਕਾਂਗਰਸ ਭਾਜਪਾ ਨਾਲ ਨਹੀਂ ਲੜ ਸਕਦੀ।

ਤਿੰਨ ਚਾਰ ਮਹੀਨੇ ਵਿਚ ਅਸੀਂ ਠੋਸ ਕੰਮ ਕੀਤਾ। ਸਿਰਫ਼ ਮੈਂ ਹੀ ਨਹੀਂ, ਕਾਂਗਰਸ ਦੀ ਟੀਮ ਅਤੇ ਗੁਜਰਾਤ ਦੇ ਲੋਕਾਂ ਨੇ ਵੀ ਨਤੀਜੇ ਵੇਖੇ ਹਨ। ਭਾਜਪਾ ਨੂੰ ਗੁਜਰਾਤ ਵਿਚ ਜ਼ਬਰਦਸਤ ਝਟਕਾ ਲੱਗਾ ਹੈ।’ ਉਨ੍ਹਾਂ ਕਿਹਾ, ‘ਸਾਡੇ ਲਈ ਚੰਗਾ ਨਤੀਜਾ ਹੈ। ਠੀਕ ਹੈ ਕਿ ਅਸੀਂ ਹਾਰ ਗਏ। ਜੇ ਥੋੜਾ ਹੋਰ ਠੀਕ ਕਰਦੇ ਤਾਂ ਜਿੱਤ ਜਾਂਦੇ।’ ਉਨ੍ਹਾਂ ਕਿਹਾ, ‘ਮੈਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦਿਲੋਂ ਧਨਵਾਦ ਦਿੰਦਾ ਹਾਂ। ਚੋਣ ਜਿੱਤਣ ਵਾਲਿਆਂ ਨੂੰ ਵਧਾਈ ਦਿੰਦਾ ਹਾਂ।’

ਰਾਹੁਲ ਨੇ ਕਿਹਾ, ‘ਮੈਨੂੰ ਪਤਾ ਲੱਗਾ ਹੈ ਕਿ ਮੋਦੀ ਜੀ ਦਾ ਜੋ ਮਾਡਲ ਹੈ, ਉਸ ਨੂੰ ਗੁਜਰਾਤ ਦੇ ਲੋਕ ਮੰਨਦੇ ਹੀ ਨਹੀਂ। ਪ੍ਰਚਾਰ ਬਹੁਤ ਚੰਗਾ ਹੈ। ਮਾਰਕਟਿੰਗ ਬਹੁਤ ਚੰਗੀ ਹੈ ਪਰ ਅੰਦਰੋਂ ਖੋਖਲਾ ਹੈ। ਅਸੀਂ ਜੋ ਮੁਹਿੰਮ ਚਲਾਈ, ਉਸ ਦਾ ਉਹ ਜਵਾਬ ਨਹੀਂ ਦੇ ਸਕੇ। ਵਿਕਾਸ ਦੀ ਗੱਲ ਕਰ ਰਹੇ ਹਨ ਪਰ ਸਚਾਈ ਇਹ ਹੈ ਕਿ ਉਹ ਇਸ ਦਾ ਜਵਾਬ ਨਹੀਂ ਦੇ ਸਕੇ। ਤੁਸੀਂ ਵੇਖਿਆ ਹੈ ਕਿ ਚੋਣ ਤੋਂ ਪਹਿਲਾਂ ਮੋਦੀ ਜੀ ਕੋਲ ਕਹਿਣ ਲਈ ਕੁੱਝ ਰਿਹਾ ਹੀ ਨਹੀਂ ਸੀ।’

ਰਾਹੁਲ ਨੇ ਕਿਹਾ, ‘ਆਮ ਤੌਰ ‘ਤੇ ਨੇਤਾ ਜਾਂਦਾ ਹੈ ਅਤੇ ਸੋਚਦਾ ਹੈ ਕਿ ਗੁਜਰਾਤ ਨੂੰ ਮੈਂ ਅਪਣੀ ਗੱਲ ਦੱਸਾਂ ਪਰ ਤਿੰਨ ਮਹੀਨੇ ਵਿਚ ਗੁਜਰਾਤ ਅਤੇ ਲੋਕਾਂ ਨੇ ਮੈਨੂੰ ਕਾਫ਼ੀ ਸਿਖਾਇਆ ਹੈ। ਮੁੱਖ ਗੱਲ ਇਹੀ ਸਿਖਾਈ ਕਿ ਤੁਸੀਂ ਸੱਤਾਧਿਰ ਪ੍ਰਤੀ ਜਿੰਨਾ ਵੀ ਗੁੱਸੇ ਹੋਵੋ, ਜਿੰਨਾ ਵੀ ਪੈਸਾ ਹੋਵੇ, ਜਿੰਨਾ ਵੀ ਬਲ ਹੋਵੇ, ਉਸ ਨੂੰ ਤੁਸੀਂ ਪਿਆਰ ਨਾਲ, ਭਾਈਚਾਰੇ ਨਾਲ ਟੱਕਰ ਦੇ ਸਕਦੇ ਹੋ।’ ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਭਰੋਸੇਯੋਗਤਾ ‘ਤੇ ਬਹੁਤ ਵੱਡਾ ਸਵਾਲ ਉਠ ਗਿਆ ਹੈ। ਉਨ੍ਹਾਂ ਲਈ ਇਹ ਬਹੁਤ ਮੁਸ਼ਕਲ ਹੋਵੇਗਾ। ਮੋਦੀ ਜੀ ਜੋ ਕਹਿ ਰਹੇ ਹਨ, ਦੇਸ਼ ਨਹੀਂ ਸੁਣ ਰਿਹਾ।’

Facebook Comments

POST A COMMENT.

Enable Google Transliteration.(To type in English, press Ctrl+g)