‘ਆਪ’ ਮਿਉਂਸਿਪਲ ਚੋਣ ਮੁਕਾਬਲੇ ਤੋਂ ਬਾਹਰ : ਸੁਖਬੀਰ

Sukhbir-Singh-Badal

ਅੰਮ੍ਰਿਤਸਰ, 14 ਦਸੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ (‘ਆਪ’) ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਅੱਜ ਇੱਥੇ ‘ਆਪ’ ਛੱਡ ਕੇ ਆਏ ਮਾਝਾ ਜ਼ੋਨ ਦੇ ਸਾਬਕਾ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਬੀ.ਸੀ. ਵਿੰਗ ਦੇ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਭਾਗੋਵਾਲੀਆ ਸਮੇਤ ਹੋਰ ਆਗੂਆਂ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਆਖਿਆ ਕਿ ‘ਆਪ’ ਦਾ ਪੰਜਾਬ ਵਿੱਚ ਆਧਾਰ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਨਿਗਮ ਚੋਣਾਂ ਤੋਂ ਬਾਅਦ ਪਾਰਟੀ ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਈ ਥਾਵਾਂ ’ਤੇ ਨਿਗਮ ਚੋਣਾਂ ਲਈ ‘ਆਪ’ ਉਮੀਦਵਾਰ ਮੈਦਾਨ ਵਿੱਚ ਹੀ ਨਹੀਂ ਹਨ।

ਉਨ੍ਹਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਹਲਕੇ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਉਥੇ ਝਾੜੂ ਦੇ ਨਿਸ਼ਾਨ ’ਤੇ ਚੋਣ ਲੜਨ ਵਾਲੇ ਮਨਫ਼ੀ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਗਰ ਨਿਗਮ ਤੇ ਨਗਰ ਕੌਂਸਲਾਂ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ ਤੇ ‘ਆਪ’ ਮੁਕਾਬਲੇ ਤੋਂ ਬਾਹਰ ਹੈ। ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਘੱਟ ਸੀਟਾਂ ਮਿਲਣ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਵਿਰੋਧੀਆਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੀਟਾਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਕਾਂਗਰਸ ਸਰਕਾਰ ’ਤੇ ਦਬਾਅ ਬਣਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਾਉਣਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਕੇਡਰ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕੀਤਾ ਜਾਵੇਗਾ। ਸਰਕਾਰੀ ਜਬਰ ਦੇ ਟਾਕਰੇ ਲਈ ਹਰ ਪਿੰਡ ਵਿੱਚ ਦਸ-ਦਸ ਵਾਲੰਟੀਅਰਾਂ ਦੀ ਟੀਮ ਬਣਾਈ ਜਾ ਰਹੀ ਹੈ। ਸ੍ਰੀ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਵਿੱਚ ਸ਼ਾਮਲ ‘ਆਪ’ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)