ਵਪਾਰਕ ਹੇਰਾਫ਼ੇਰੀ ਨੂੰ ਹੁਣ ‘ਨਜ਼ਰਅੰਦਾਜ਼’ ਕਰਨਾ ਮੁਸ਼ਕਲ : ਟਰੰਪ

Donald-Trump

ਦਾਨਾਂਗ (ਵੀਅਤਨਾਮ), 10 ਨਵੰਬਰ (ਏਜੰਸੀ) : ਆਪਣੀ ਪਲੇਠੀ ਚੀਨ ਫ਼ੇਰੀ ਮੌਕੇ ਵਪਾਰਕ ਸਬੰਧਾਂ ਨੂੰ ਵਧੇਰੇ ਸੰਤੁਲਤ ਬਣਾਉਣ ਦੇ ਦਿੱਤੇ ਬਿਆਨ ਤੋਂ ਇਕ ਦਿਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਅਜਿਹੀਆਂ ਵਪਾਰਕ ਮਸ਼ਕਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ, ਜੋ ਅਮਰੀਕੀਆਂ ਨੂੰ ਬੇਰੁਜ਼ਗਾਰ ਬਣਾਉਂਦੀਆਂ ਹੋਣ। ਉਨ੍ਹਾਂ ਕਿਹਾ ਕਿ ਅਮਰੀਕਾ ਵਪਾਰਕ ਹੇਰਾਫੇਰੀ ਨੂੰ ਹੁਣ ਹੋਰ ‘ਨਜ਼ਰਅੰਦਾਜ਼’ ਨਹੀਂ ਕਰੇਗਾ। ਅਮਰੀਕੀ ਸਦਰ ਦਾ ਇਹ ਬਿਆਨ ਚੀਨ ਨੂੰ ਤਾੜਨਾ ਵਜੋਂ ਵੇਖਿਆ ਜਾ ਰਿਹਾ ਹੈ। ਇਥੇ ਸਾਲਾਨਾ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ(ਐਪੱਕ) ਬਾਰੇ ਸ਼ਿਖਰ ਸੰਮੇਲਨ ਤੋਂ ਲਾਂਭੇ ਕੰਪਨੀਆਂ ਦੇ ਸੀਈਓਜ਼ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ,‘ਅੱਜ ਤੋਂ ਹੀ ਅਸੀਂ ਨਿਰਪੱਖਤਾ ਤੇ ਬਰਾਬਰਤਾ ਦੇ ਅਧਾਰ ’ਤੇ ਮੁਕਾਬਲਾ ਕਰਾਂਗੇ। ਅਸੀਂ ਕਿਸੇ ਨੂੰ ਵੀ ਹੁਣ ਅਮਰੀਕਾ ਦਾ ਲਾਹਾ ਲੈਣ ਦੀ ਇਜਾਜ਼ਤ ਨਹੀਂ ਦੇ ਸਕਦੇ। ਮੈਂ ਹਮੇਸ਼ਾਂ ਅਮਰੀਕਾ ਨੂੰ ਅੱਗੇ ਰੱਖਿਆ ਹੈ।’

ਅਮਰੀਕੀ ਸਦਰ ਦੇ ਇਸ ਬਿਆਨ ਨੂੰ ਬੀਤੇ ਦਿਨ ਪੇਈਚਿੰਗ ਵਿੱਚ ਅਪਣਾਈ ਸੁਰ ਤੋਂ ਉਲਟ ਮੰਨਿਆ ਜਾ ਰਿਹੈ। ਉਦੋਂ ਟਰੰਪ ਨੇ ਚੀਨ ਨਾਲ ਵਧੇਰੇ ਸੰਤੁਲਤ ਵਪਾਰਕ ਰਿਸ਼ਤਿਆਂ ਦੀ ਸਥਾਪਤੀ ਲਈ ਦੋਸਤੀ ਦਾ ਹੱਥ ਵਧਾਉਣ ਨੂੰ ਤਰਜੀਹ ਦਿੱਤੀ ਸੀ। ਦਾਨਾਂਗ ਦੇ ਸਾਹਿਲੀ ਸ਼ਹਿਰ ’ਚ ਕਾਰੋਬਾਰੀ ਮੁਖੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਦੁਵੱਲੇ ਵਪਾਰਕ ਸਮਝੌਤੇ ਕਰਕੇ ਤਾਂ ਹੀ ਖੁਸ਼ੀ ਹੋਵੇਗੀ ਜੇਕਰ ਦੂਜੇ ਪਾਸਿਓਂ ਵੀ ਜਵਾਬ ਵਿੱਚ ਉਹੋ ਜਿਹਾ ਹੁਲਾਰਾ ਮਿਲੇ। ਚੀਨ ਦਾ ਨਾਂ ਲਏ ਬਿਨਾਂ ਟਰੰਪ ਨੇ ਕਿਹਾ ਕਿ ਅਮਰੀਕਾ ਵਿਸ਼ਵ ਵਪਾਰ ਸੰਸਥਾ ਦੇ ਸਿਧਾਂਤਾਂ ਦਾ ਪਾਲਣ ਕਰਦਾ ਹੈ ਜਦਕਿ ਕੁਝ ਮੁਲਕ ਨੇਮਾਂ ਦੀ ਉਲੰਘਣਾ ਕਰਦਿਆਂ ਉਤਪਾਦਾਂ ਨੂੰ ਡੰਪ ਕਰਨ, ਕਰੰਸੀ ਹੇਰਾਫ਼ੇਰੀ ਤੇ ਵਸਤਾਂ ਨੂੰ ਸਬਸੀਡਾਈਜ਼ ਕਰਨ ਜਿਹੀਆਂ ਨੁਕਸਾਨਦੇਹ ਕਾਰਵਾਈਆਂ ਨਾਲ ਜੁੜੇ ਹਨ।

ਉਨ੍ਹਾਂ ਕਿਹਾ ਕਿ ਅਜਿਹੀਆਂ ਵਪਾਰਕ ਮਸ਼ਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਨਾਲ ਮੁਲਕ ਵਿੱਚ ਰੁਜ਼ਗਾਰ, ਕਾਰਖ਼ਾਨੇ ਤੇ ਸਨਅਤਾਂ ਬੰਦ ਹੋਣ ਦੇ ਕੰਢੇ ਪੁੱਜ ਜਾਣਗੀਆਂ। ਟਰੰਪ ਨੇ ਕਿਹਾ ਕਿ ਉਨ੍ਹਾਂ ਆਪਣੀ ਚੀਨ ਫੇਰੀ ਮੌਕੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਪੱਖਪਾਤੀ ਵਪਾਰਕ ਮਸ਼ਕਾਂ ਤੇ ਇਸ ਨਾਲ ਮੁਲਕਾਂ ਨੂੰ ਪੈਣ ਵਾਲੇ ਵੱਡੇ ਵਪਾਰਕ ਘਾਟੇ ਬਾਰੇ ਦੱਸ ਚੁੱਕੇ ਹਨ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਅਮਰੀਕਾ ਹੁਣ ਅਜਿਹੀ ਉਲੰਘਣਾ, ਧੋਖਾਧੜੀ ਜਾਂ ਆਰਥਿਕ ਹਮਲੇ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ।

Facebook Comments

POST A COMMENT.

Enable Google Transliteration.(To type in English, press Ctrl+g)