ਪ੍ਰਿਅੰਕਾ ਚੋਪੜਾ ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ‘ਚ ਸ਼ਾਮਲ

ਨਵੀਂ ਦਿੱਲੀ, 2 ਨਵੰਬਰ (ਏਜੰਸੀ) : ਸੁਪਰਸਟਾਰ ਪ੍ਰਿਅੰਕਾ ਚੋਪੜਾ ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਫੋਰਬਸ ਨੇ ਪ੍ਰਿਅੰਕਾ ਨੂੰ ਮਨੋਰੰਜਨ ਅਤੇ ਮੀਡੀਆ ਦੇ ਖੇਤਰ ਵਿਚ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ਵਿਚ 15ਵੇਂ ਨੰਬਰ ‘ਤੇ ਰੱਖਿਆ ਹੈ। ਇਸ ਸੂਚੀ ਵਿਚ ਪੌਪ ਕਵੀਨ ਬਿਓਂਸ ਚੌਥੇ ਨੰਬਰ ‘ਤੇ, ਗਾਇਕ ਟੇਲਰ 12ਵੇਂ ਅਤੇ ਹੈਰੀ ਪੌਟਰ ਦੀ ਲੇਖਿਕਾ ਰੋਲਿੰਗ 13ਵੇਂ ਨੰਬਰ ‘ਤੇ ਹੈ।

ਪ੍ਰਿਅੰਕਾ ਫੋਰਬਸ ਦੀ ਸਾਰੀ ਸ਼੍ਰੇਣੀ ਦੀ ਸੂਚੀ ਵਿਚ 97ਵੇਂ ਨੰਬਰ ‘ਤੇ ਹੈ। ਇਸ ਸੂਚੀ ਵਿਚ ਜਰਮਨੀ ਦੀ ਚਾਂਸਲਰ ਪਹਿਲੇ ਸਥਾਨ ‘ਤੇ ਬਿਓਂਸ 50ਵੇਂ ਅਤੇ ਟੇਲਰ 85ਵੇਂ ਸਥਾਨ ‘ਤੇ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰਿਅੰਕਾ ਦੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ਵਿਚ ਐਂਟਰੀ ਮਾਰੀ ਹੈ। ਅਪਣੀ ਦਮਦਾਰ ਅਦਾਕਾਰੀ ਤੋਂ ਇਲਾਵਾ ਪ੍ਰਿਅੰਕਾ ਯੂਨੀਸੈਫ ਦੀ ਗੁਡਵਿਲ ਅੰਬੈਸਡਰ ਦੇ ਰੂਪ ਵਿਚ ਯੋਗਦਾਨ ਦੇ ਲਈ ਜਾਣੀ ਜਾਂਦੀ ਹੈ।

ਪ੍ਰਿਅੰਕਾ ਨੇ ਬਾਲੀਵੁਡ ਦੇ ਨਾਲ ਨਾਲ ਕੌਮਾਂਤਰੀ ਪੱਧਰ ‘ਤੇ ਵੀ ਅਪਣੀ ਪਛਾਣ ਬਣਾਈ ਹੈ। ਫੋਰਬਸ ਨੇ ਅਪਣੇ ਕਥਨ ਵਿਚ ਪ੍ਰਿਅੰਕਾ ਦੇ ਅਮਰੀਕੀ ਟੈਲੀਵਿਜ਼ਨ ਦਾ ਸ਼ੋਅ ‘ਕਵਾਂਟਿਕੋ’ ਦੀ ਕਾਫੀ ਸ਼ਲਾਘਾ ਕੀਤੀ ਹੈ। ਫੋਰਬਸ ਨੇ ਲਿਖਿਆ, ਪ੍ਰਿਅੰਕਾ ਬਾਲੀਵੁਡ ਤੋਂ ਹਾਲੀਵੁਡ ਤੱਕ ਪੁੱਜਣ ਵਾਲੀ ਇਕ ਬੇਹੱਦ ਸਫਲ ਅਭਿਨੇਤਰੀ ਹੈ। ਪ੍ਰਿਅੰਕਾ ਕਿਸੇ ਅਮਰੀਕਨ ਟੈਲੀਵਿਜ਼ਨ ਸ਼ੋਅ ਵਿਚ ਕੰਮ ਕਰਨ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੈ।

ਪ੍ਰਿਅੰਕਾ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੀਵੀ ਅਭਿਨੇਤਰੀਆਂ ਦੀ ਸੂਚੀ ਵਿਚ ਅੱਠਵੇਂ ਨੰਬਰ ‘ਤੇ ਪਹੁੰਚ ਗਈ ਹੈ। ਪਿਛਲੇ ਸਾਲ ਪ੍ਰਿਅੰਕਾ ਇਸ ਸੂਚੀ ਵਿਚ 10ਵੇਂ ਨੰਬਰ ‘ਤੇ ਸੀ। ਪਿਛਲੇ ਸਾਲ ਫੋਰਬਸ ਦੁਆਰਾ ਜਾਰੀ ਕੀਤੀ ਗਈ ਬਾਲੀਵੁਡ ਦੇ ਟੌਪ 10 ਕਮਾਈ ਕਰਨ ਵਾਲੇ ਸਟਾਰਾਂ ਦੀ ਸੂਚੀ ਵਿਚ ਪ੍ਰਿਅੰਕਾ ਸੱਤਵੇਂ ਸਥਾਨ ‘ਤੇ ਸੀ। ਪ੍ਰਿਯੰਕਾ ਨੂੰ ਏਬੀਸੀ ਦੀ ਕਵਾਂਟਿਕੋ ਸੀਰੀਜ਼ ਦੇ ਲਈ ਦੋ ਵਾਰ ਪੀਪੁਲਸ ਚਵਾਇਸ ਐਵਾਰਡ ਮਿਲ ਚੁੱਕਾ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)