ਪਰਕਾਸ਼ ਸਿੰਘ ਬਾਦਲ ਵੱਲੋਂ ਲੁਧਿਆਣਾ ਅੱਗ ਕਾਂਡ ਦੇ ਪੀੜਤਾਂ ਨਾਲ ਅਫਸੋਸ ਦਾ ਪ੍ਰਗਟਾਵਾ

Parkash-Singh-Badal

ਚੰਡੀਗੜ, 21 ਨਵੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਲੁਧਿਆਣਾ ਵਿਚ ਅੱਗ ਲੱਗਣ ਮਗਰੋਂ ਢਹਿ ਢੇਰੀ ਹੋਈ 5 ਮੰਜ਼ਿਲਾ ਇਮਾਰਤ ਵਿਚ ਦਬ ਕੇ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਅੱਜ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਸੀ, ਜਿਸ ਵਿਚ ਦੋ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਅਤੇ ਇੱਕ ਨਗਰ ਕੌਂਸਲ ਦੇ ਅਧਿਕਾਰੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ।

ਇਮਾਰਤ ਨੂੰ ਲੱਗੀ ਅੱਗ ਨੂੰ ਬੁਝਾਉਣ ਮਗਰੋਂ ਇਹ ਬਿਲਡਿੰਗ ਢਹਿ ਢੇਰੀ ਹੋ ਗਈ ਅਤੇ ਬਹੁਤ ਸਾਰੇ ਵਿਅਕਤੀ ਮਲਬੇ ਥੱਲੇ ਦਬ ਗਏ। ਮਾਰੇ ਜਾਣ ਵਾਲਿਆਂ ਵਿਚ ਇੱਕ ਨਗਰ ਕੌਂਸਲ ਦਾ ਅਧਿਕਾਰੀ ਲਕਸ਼ਮਣ ਦ੍ਰਾਵਿੜ ਵੀ ਸ਼ਾਮਿਲ ਹੈ। ਉਹ ਬਾਲਮੀਕੀ ਭਾਈਚਾਰੇ ਦਾ ਨੁੰਮਾਇੰਦਾ ਸੀ ਅਤੇ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਅਕਾਲੀ ਆਗੂਆਂ ਨੇ ਦ੍ਰਾਵਿੜ ਦੀ ਮੌਤ ਉੱਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਦਲਿਤ ਭਾਈਚਾਰੇ ਦੀ ਭਲਾਈ ਹਮੇਸ਼ਾਂ ਹੀ ਬਹੁਤ ਸਮਝਦਾਰੀ ਨਾਲ ਕੰਮ ਕੀਤਾ ਸੀ। ਸਰਕਾਰ ਨੂੰ ਇਸ ਹਾਦਸੇ ਦੀ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਦੇ ਪੱਖ ਤੋਂ ਤੁਰੰਤ ਮੁਕੰਮਲ ਜਾਂਚ ਕਰਵਾਉਣ ਲਈ ਆਖਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਕਿ ਸਾਰੀਆਂ ਉਦਯੋਗਿਕ ਇਕਾਈਆਂ ਆਪਣੀ ਇਮਾਰਤਾਂ ਅੰਦਰ ਅੱਗ ਤੋਂ ਸੁਰੱਖਿਆ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨ।

ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਲਈ ਢੁੱਕਵੇਂ ਮੁਆਵਜ਼ੇ ਦਾ ਐਲਾਨ ਕਰੇ।

Facebook Comments

POST A COMMENT.

Enable Google Transliteration.(To type in English, press Ctrl+g)