ਵਿਪਨ ਸ਼ਰਮਾ ਦੇ ਕਤਲ ਦੀ ਜ਼ਿੰਮੇਵਾਰੀ ਸਰਾਜ ਸਿੰਘ ਮਿੰਟੂ ਨੇ ਲਈ

gangster

ਅੰਮ੍ਰਿਤਸਰ, 13 ਨਵੰਬਰ (ਏਜੰਸੀ) : ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਸਰਾਜ ਸਿੰਘ ਮਿੰਟੂ ਨੇ ਫੇਸਬੁੱਕ ਪੋਸਟ ਪਾ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਹੈ ਕਿ ਇਹ ਹੱਤਿਆ ਕਾਂਡ ਆਪਸੀ ਦੁਸ਼ਮਣੀ ਨਾਲ ਜੁੜੀ ਕਾਰਵਾਈ ਹੈ ਅਤੇ ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਸ ਵੱਲੋਂ ਪਾਈ ਇਸ ਪੋਸਟ ਦੀ ਪੁਲੀਸ ਜਾਂਚ ਕਰ ਰਹੀ ਹੈ।

ਪੁਲੀਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ ਆਖਿਆ ਕਿ ਪੁਲੀਸ ਵੱਲੋਂ ਫੇਸਬੁੱਕ ਪੋਸਟ ਦੀ ਸੱਚਾਈ ਬਾਰੇ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਪੋਸਟ ਕਿੱਥੋਂ ਅਤੇ ਕਿਸ ਨੇ ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪੋਸਟ ਬਾਰੇ ਖ਼ੁਫ਼ੀਆ ਵਿੰਗ ਨੇ ਪਤਾ ਲਾਇਆ ਸੀ। ਇਹ ਪੋਸਟ ਸਰਾਜ ਸਿੰਘ ਮਿੰਟੂ ਦੇ ਖਾਤੇ ਵਿੱਚ ਅੱਜ ਹੀ ਦਰਜ ਹੋਈ ਹੈ, ਜਿਸ ਬਾਰੇ ਪੁਲੀਸ ਪੁਣਛਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਨਾਲ ਸਬੰਧਤ ਕਾਰਵਾਈ ਹੈ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੈਂਗਸਟਰ ਸ਼ੁਭਮ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਕਾਲੂ ਦਾ ਕਤਲ ਕਰ ਦਿੱਤਾ ਗਿਆ ਸੀ। ਵਿਪਨ ਸ਼ਰਮਾ ਦਾ ਕਤਲ ਇਸੇ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ। ਸਰਾਜ ਸਿੰਘ ਮਿੰਟੂ, ਸ਼ੁਭਮ ਸਿੰਘ ਦਾ ਨੇੜਲਾ ਸਾਥੀ ਹੈ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਉਸ ਵੇਲੇ ਤੱਕ ਇਸ ਕਤਲ ਕਾਂਡ ਦੇ ਮੰਤਵ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Facebook Comments

POST A COMMENT.

Enable Google Transliteration.(To type in English, press Ctrl+g)