ਬੈਂਸ ਨੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਚੌਧਰੀ ‘ਤੇ ਜੱਜ ਨੂੰ ਪ੍ਰਭਾਵਿਤ ਕਰਨ ਦੇ ਲਾਏ ਦੋਸ਼

Sukhpal-Singh-Khaira

ਚੰਡੀਗੜ, 27 ਨਵੰਬਰ (ਏਜੰਸੀ) : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮਾਮਲੇ ‘ਚ ਅੱਜ ਚੰਡੀਗੜ ਵਿਖੇ ਬੈਂਸ ਭਰਾਵਾਂ ਨੇ ਇਕ ਆਡੀਓ ਟੇਪ ਜਾਰੀ ਕਰਦਿਆਂ ਸਾਬਕਾ ਡਿਪਟੀ ਐਡਵੋਕੇਟ ਜਨਰਲ ਅਮਿਤ ਚੌਧਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਮਿਤ ਚੌਧਰੀ ਨੇ ਫ਼ੈਸਲਾ ਖਹਿਰਾ ਵਿਰੁੱਧ ਕਰਨ ਲਈ ਹਾਈਕੋਰਟ ਦੇ ਇਕ ਜੱਜ ਨੂੰ 35 ਲੱਖ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਆਡੀਓ ਟੇਪ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਹਾਈਕੋਰਟ ਦੇ ਜੱਜ ਨੂੰ ਪੈਸਿਆਂ ਦਾ ਭੁਗਤਾਨ ਕਰਨ ਸਬੰਧੀ ਡੀਲ ਸਾਬਕਾ ਪੀਸੀਐਸ ਅਫ਼ਸਰ ਟੀ.ਕੇ. ਗੋਇਲ ਅਤੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਅਮਿਤ ਚੌਧਰੀ ਵਿਚਾਲੇ ਹੋਈ ਹੈ। ਗੋਇਲ ਨੂੰ ਹਾਲ ਹੀ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਬਰਖ਼ਾਸਤ ਕਰ ਦਿੱਤਾ ਗਿਆ ਸੀ ਜਦੋਂਕਿ ਅਕਾਲੀਆਂ ਦੇ ਰਾਜ਼ ਦੌਰਾਨ ਅਮਿਤ ਚੌਧਰੀ ਡਿਪਟੀ ਐਡਵੋਕੇਟ ਜਨਰਲ ਸਨ।

ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਬਰਾਵਾਂ ਨੇ ਕਿਹਾ ਕਿ ਖਹਿਰਾ ਨੇ ਡਰੱਗ ਮਾਮਲੇ ‘ਚ ਫਾਜ਼ਿਲਕਲਾ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਸੰਮਨ ਨੂੰ ਹਾਈਕੋਰਟ ‘ਚ ਚੁਣੌਤੀ ਲਈ ਪਟੀਸ਼ਨ ਦਾਖ਼ਲ ਕੀਤੀ ਸੀ ਤੇ ਟੇਪ ‘ਚ ਖਹਿਰਾ ਦੀ ਪਟੀਸ਼ਨ ਨੂੰ ਰੱਦ ਕਰਵਾਉਣ ਲਈ ਜੱਜ ਨੂੰ ਪੈਸਿਆਂ ਦੀ ਪੇਸ਼ਕਸ਼ ਕਰਨ ਲਈ ਗੱਲਬਾਤ ਸੁਣਾਈ ਦੇ ਰਹੀ। ਬੈਂਸ ਨੇ ਕਿਹਾ ਕਿ ਇਹ ਡੀਲ ਖਹਿਰਾ ਮਾਮਲੇ ‘ਚ ਜੱਜ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਸਬੰਧੀ ਹੋਈ ਹੈ। ਬੈਂਸ ਨੇ ਇਹ ਕਲਿੱਪ ਮੀਡੀਆ ਨੂੰ ਵੀ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਖਹਿਰਾ ਦੇ ਖੁਲਾਸਿਆਂ ਤੋਂ ਘਬਰਾ ਚੁਕੀਆਂ ਹਨ, ਜਿਸ ਕਾਰਨ ਉਹ ਉਨ੍ਹਾਂ ਨੂੰ ਫਸਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਕੇਸ ‘ਚ ਧਾਰਾ 319 ਤਹਿਤ ਸੰਮਨ ਜਾਰੀ ਨਹੀਂ ਹੋਏ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਚੀਫ ਜਸਟਿਸ ਨੂੰ ਵੀ ਸ਼ਿਕਾਇਤ ਕਰਨਗੇ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਲੋਕ ਇਨਸਾਫ਼ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਆਡੀਓ ਕਲਿੱਪ ਜਾਰੀ ਕਰਨ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਉਹ ਨਿਆਂ ਪ੍ਰਣਾਲੀ ‘ਤੇ ਵਿਸ਼ਵਾਸ ਰੱਖਦੇ ਹਨ ਪਰ ਸਵਾਲ ਉਠਦਾ ਹੈ ਪੈਸੇ ਦੇ ਲੈਣ-ਦੇਣ ਦਾ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਖਹਿਰਾ ਨੇ ਵੀ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਵਿਰੁੱਧ ਫ਼ਾਜ਼ਿਲਕਾ ਦੀ ਅਦਾਲਤ ਨੇ ਡਰੱਗ ਤਸਕਰੀ ਮਾਮਲੇ ‘ਚ ਸੰਮਨ ਜਾਰੀ ਕੀਤਾ ਸੀ, ਵਿਰੁੱਧ ਹਾਈਕੋਰਟ ‘ਚ ਲਾਈ ਅਰਜ਼ੀ ਨੂੰ ਅਦਾਤਲ ਨੇ ਰੱਦ ਕਰ ਦਿੱਤਾ ਸੀ। ਵਿਰੋਧੀ ਪਾਰਟੀਆਂ ਇਸ ਮਾਮਲੇ ‘ਚ ਖਹਿਰਾ ਤੋਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ।

Facebook Comments

POST A COMMENT.

Enable Google Transliteration.(To type in English, press Ctrl+g)