ਸੁਖਬੀਰ ਬਾਦਲ ਵਲੋਂ ਸੁਖਪਾਲ ਖਹਿਰਾ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ

Sukhbir-Singh-Badal

ਚੰਡੀਗੜ੍ਹ, 17 ਨਵੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਨਸ਼ਾ ਅਤੇ ਹਥਿਆਰ ਤਸਕਰੀ ਮਾਮਲੇ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਿਰੁਧ ਦੋਸ਼-ਪੱਤਰ ਆਇਦ ਹੋਣ ਮਗਰੋਂ ਉਸ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਆਪ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ ਅਤੇ ਪੰਜਾਬੀਆਂ ਨੂੰ ਇਹ ਦੱਸਣ ਲਈ ਆਖਿਆ ਹੈ ਕਿ ਉਹ ਕਿੰਨੀ ਦੇਰ ਇਕ ਨਸ਼ਾ ਤਸਕਰੀ ਦੇ ਦੋਸ਼ੀ ਦੀ ਰਾਖੀ ਕਰਨਗੇ।

ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਜਾਂ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਵਿਰੁਧ ਠੋਸ ਸਬੂਤਾਂ ਦੇ ਆਧਾਰ ‘ਤੇ ਇਕ ਨਸ਼ਾ ਤਸਕਰੀ ਦੇ ਮਾਮਲੇ ਵਿਚ ਦੋਸ਼-ਪੱਤਰ ਆਇਦ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਆਪ ਲਈ ਢੁੱਕਵਾਂ ਸਮਾਂ ਹੈ ਕਿ ਉਹ ਅਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਵਿਖਾਵੇ। ਇਸ ਪਾਰਟੀ ਨੇ ਹਮੇਸ਼ਾਂ ਹੀ ਸਿਆਸਤ ਵਿਚ ਨੈਤਿਕ ਮੁੱਲਾਂ ਅਤੇ ਸਦਾਚਾਰ ਦੀ ਗੱਲ ਕੀਤੀ ਹੈ ਅਤੇ ਨਸ਼ਿਆਂ ਦੇ ਮਾਮਲੇ ‘ਚ ਕੋਈ ਸਮਝੌਤਾ ਨਾ ਕਰਨ ਦੇ ਦਾਅਵੇ ਕੀਤੇ ਹਨ।

ਪਰ ਇਸ ਨੇ ਅਜੇ ਤੀਕ ਸੁਖਪਾਲ ਖਹਿਰੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਇਥੋਂ ਤਕ ਕਿ ਕੇਜਰੀਵਾਲ ਨੇ ਵੀ ਮੂੰਹ ਨੂੰ ਜਿੰਦਰਾ ਮਾਰ ਰੱਖਿਆ ਹੈ। ਜੇਕਰ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਵੀ ਕੇਜਰੀਵਾਲ ਸੁਖਪਾਲ ਖਹਿਰਾ ਵਿਰੁਧ ਕੋਈ ਕਾਰਵਾਈ ਨਹੀਂ ਕਰਦਾ ਤਾਂ ਇਸ ਦਾ ਇਹੀ ਮਤਲਬ ਹੋਵੇਗਾ ਕਿ ਉਸ ਨੂੰ ਖਹਿਰਾ ਦੁਆਰਾ ਖਰੀਦਿਆ ਜਾ ਚੁੱਕਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਹੁਣ ਜਦੋਂ ਖਹਿਰਾ ਵਿਰੁਧ ਠੋਸ ਸਬੂਤ ਰੀਕਾਰਡ ਵਿਚ ਮੌਜੂਦ ਹਨ, ਤਾਂ ਇਹ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਵਿਚ ਚਲਾਨ ਪੇਸ਼ ਕਰੇ।

ਅਖੀਰ ਵਿਚ ਖਹਿਰਾ ਉੱਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਖਹਿਰਾ ਅਜੇ ਵੀ ਇਹ ਕਹਿ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਮਾਮੂਲੀ ਰਾਹਤ ਮਿਲੀ ਹੈ ਜਦਕਿ ਉਸ ਨੂੰ ਅਦਾਲਤ ਨੇ ਕੋਈ ਰਾਹਤ ਨਹੀਂ ਦਿਤੀ।

Facebook Comments

POST A COMMENT.

Enable Google Transliteration.(To type in English, press Ctrl+g)