ਸੁਖਬੀਰ ਨੇ ਬੱਬੇਹਾਲੀ ਦੇ ਪੁੱਤਰ ‘ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ


ਚੰਡੀਗੜ੍ਹ, 31 ਅਕਤੂਬਰ (ਏਜੰਸੀ) : ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਗੁਰਦਾਸਪੁਰ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੋਤ ਉੱਤੇ ਗੁਰਦਾਸਪੁਰ ਵਿਖੇ ਕੀਤੇ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਹਕੂਮਤ ਅਧੀਨ ਸਿਆਸੀ ਬਦਲਾਖ਼ੋਰੀ ਅਤੇ ਸਿਆਸੀ ਅਤੇ ਧਾਰਮਕ ਆਗੂਆਂ ਦੇ ਕਤਲਾਂ ਦੀਆਂ ਘਟਨਾਵਾਂ ਅਪਣੀ ਸਿਖਰ ਛੂਹ ਚੁੱਕੀਆਂ ਹਨ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਉਨ੍ਹਾਂ ਦੇ ਪਰਵਾਰਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਾਬਕਾ ਵਿਧਾਇਕ ਦੇ ਬੇਟੇ ਅਮਰਜੋਤ ਅਤੇ ਦੋ ਹੋਰ ਵਿਅਕਤੀਆਂ ਨੂੰ ਬੱਬੇਹਾਲੀ ਪਿੰਡ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਐਸਜੀਪੀਸੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਉੱਤੇ ਵੀ ਕਾਂਗਰਸੀ ਵਰਕਰਾਂ ਨੇ ਇਸੇ ਤਰੀਕੇ ਨਾਲ ਹਮਲਾ ਕੀਤਾ ਸੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਅਕਾਲੀਆਂ ਉੱਤੇ ਹਮਲੇ ਕਰਨ ਵਾਸਤੇ ਉਕਸਾਉਣ ਲਈ ਕਾਂਗਰਸੀ ਆਗੂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪਾਰਲੀਮਾਨੀ ਜ਼ਿਮਨੀ ਚੋਣ ਵਾਸਤੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਬੱਬੇਹਾਲੀ ਪਿੰਡ ਵਿਚ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਘਰ ਦੇ ਸਾਹਮਣੇ ਖੜ ਕੇ ਬਹੁਤ ਹੀ ਭੜਕਾਊ ਭਾਸ਼ਣ ਦਿਤਾ ਸੀ ਜਿਸ ਨੇ ਅਮਰਜੋਤ ਉੱਤੇ ਹਮਲੇ ਦਾ ਮੁੱਢ ਬੰਨ੍ਹਿਆ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਇਕ ਬੂਥ ਦੀ ਨਿਗਰਾਨੀ ਕਰ ਰਹੇ ਅਮਰਜੋਤ ਨੂੰ ਨਤੀਜੇ ਭੁਗਤਣ ਦੀ ਧਮਕੀ ਦਿਤੀ ਸੀ ਅਤੇ ਹੁਣ ਉਸ ਉਤੇ ਕਾਤਲਾਨਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਹਾਲ ਹੀ ਵਿਚ ਮਜੀਠਾ ਵਿਚ ਵੀ ਇਕ ਭੜਕਾਊ ਭਾਸ਼ਣ ਦਿਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੁਖਬੀਰ ਨੇ ਬੱਬੇਹਾਲੀ ਦੇ ਪੁੱਤਰ ‘ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ