ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ : 29 ਨਵੰਬਰ ਨੂੰ ਜਨਰਲ ਹਾਊਸ ਦੀ ਬੈਠਕ

sgpc

ਚੰਡੀਗੜ੍ਹ, 4 ਨਵੰਬਰ (ਏਜੰਸੀ) : ਨਵੰਬਰ ਮਹੀਨਾ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਕਿਆਸਅਰਾਈਆਂ ਲੱਗਣ ਨਾਲ ਸਿੱਖਾਂ ਵਿਚ ਵਿਸ਼ੇਸ਼ ਕਰ ਕੇ ਕਮੇਟੀ ਮੈਂਬਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਗੁਰਦਵਾਰਾ ਐਕਟ 1925 ਮੁਤਾਬਕ ਜਨਰਲ ਹਾਊਸ ਨੇ ਇਕ ਅਕਤੂਬਰ ਤੋਂ 20 ਨਵੰਬਰ ਤਕ ਹਰ ਸਾਲ ਪ੍ਰਧਾਨ ਦੀ ਚੋਣ, ਨਵੇਂ ਜਾਂ ਪੁਰਾਣੇ ਨਾਂਅ ‘ਤੇ ਮੋਹਰ ਲਗਾਉਣੀ ਹੁੰਦੀ ਹੈ। ਇਸ ਵਾਰ ਵੀ ਇਨ੍ਹਾਂ ਅੰਦਾਜ਼ਿਆਂ ਵਿਚ 185 ਮੈਂਬਰੀ ਹਾਊਸ ਦੀ 15 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਬੈਠਕ ਪਟਿਆਲਾ ਵਿਚ 6 ਨਵੰਬਰ ਯਾਨੀ ਦੋ ਦਿਨ ਬਾਅਦ ਸੋਮਵਾਰ ਨੂੰ ਹੋਵੇਗੀ ਜੋ ਅੱਗੋਂ 29 ਨਵੰਬਰ ਨੂੰ ਜਨਰਲ ਹਾਊਸ ਦੀ ਬੈਠਕ ਕਰਨ ਦਾ ਫ਼ੈਸਲਾ ਲਵੇਗੀ ਕਿਉਂਕਿ ਇਸ ਮੀਟਿੰਗ ਵਾਸਤੇ ਘਟੋ-ਘੱਟ 21 ਦਿਨ ਦਾ ਨੋਟਿਸ ਜ਼ਰੂਰੀ ਹੁੰਦਾ ਹੈ।

ਸੋਮਵਾਰ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਚ ਹੋਵੇਗੀ। ਇਸ ਵਿਚ ਹੋਰ ਫ਼ੈਸਲਿਆਂ ਤੋਂ ਇਲਾਵਾ ਬੁਧਵਾਰ 29 ਨਵੰਬਰ ਦੀ ਜਨਰਲ ਹਾਊਸ ਦੀ ਬੈਠਕ ਬਾਰੇ ਵੀ ਤੈਅ ਕੀਤਾ ਜਾਵੇਗਾ। ਇਹ ਅੰਮ੍ਰਿਤਸਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ 28 ਨਵੰਬਰ ਮੰਗਲਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਦਲ ਦੇ ਚੁਣੇ ਹੋਏ ਤੇ ਨਾਮਜ਼ਦ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਏ ਲੈਣ ਲਈ ਬੈਠਕ ਬੁਲਾ ਲਈ ਹੈ। ਇਹ ਮੈਂਬਰ ਇਕੱਲੇ-ਇਕੱਲੇ ਵੀ ਪਾਰਟੀ ਪ੍ਰਧਾਨ ਨੂੰ ਮਿਲਣਗੇ।

ਦੋ ਦਿਨ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਪੰਜ ਵਾਰ ਮੁੱਖ ਮੰਤਰੀ ਰਹੇ 91 ਸਾਲਾ ਪਰਕਾਸ਼ ਸਿੰਘ ਬਾਦਲ ਨੇ ਦਸਿਆ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਪੜ੍ਹੇ-ਲਿਖੇ, ਸੁਲਝੇ ਹੋਏ, ਗੁਰਬਾਣੀ ਦੇ ਗਿਆਤਾ ਅਤੇ ਧਾਰਮਕ ਸ਼ਖ਼ਸੀਅਤ ਹਨ। ਇਹ ਪੁੱਛੇ ਜਾਣ ‘ਤੇ ਕਿ ਪ੍ਰਧਾਨ ਉਹੀ ਜਾਰੀ ਰਹਿਣਗੇ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਪਾਰਟੀ ਹੀ ਫ਼ੈਸਲਾ ਕਰੇਗੀ।

ਕੁਲ 11 ਸਾਲ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਇਕ ਵਾਰ ਫਿਰ ਮੌਕਾ ਲੈਣ ਦੀ ਚਾਹਤ ਵਿਚ ਵੱਡੇ ਬਾਦਲ ਨੂੰ ਮਿਲਣ ਆਇਆਂ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿਚ ਕਾਫ਼ੀ ਨਿਘਾਰ ਆ ਗਿਆ ਹੈ। ਧਾਰਮਕ, ਵਿਦਿਅਕ, ਸਿੱਖੀ ਪ੍ਰਚਾਰ ਕਰਨ ਅਤੇ ਮੈਡੀਕਲ ਯੂਨੀਵਰਸਟੀ ਅਦਾਰਿਆਂ ਬਾਰੇ ਵੀ ਸ. ਮੱਕੜ ਨੇ ਕਾਫ਼ੀ ਭੜਾਸ ਕੱਢੀ।ਸੂਤਰਾਂ ਮੁਤਾਬਕ ਹੋਰ ਸੰਭਾਵੀ ਉਮੀਦਵਾਰਾਂ ਵਿਚ ਅੰਤ੍ਰਿੰਮ ਕਮੇਟੀ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਗੋਬਿੰਦ ਸਿੰਘ ਲੌਂਗੋਵਾਲ ਤੇ ਇਕ-ਦੋ ਹੋਰ ਸ਼ਾਮਲ ਹਨ। ਮੌਜੂਦਾ ਜਨਰਲ ਹਾਊਸ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ ਬਾਦਲ ਪੱਖੀ ਮੈਂਬਰਾਂ ਦਾ ਹੈ, ਯਾਨੀ ਚੁਣੇ ਹੋਏ 170 ਮੈਂਬਰਾਂ ਵਿਚੋਂ 150 ਇਸੇ ਦਲ ਦੇ ਹਨ ਅਤੇ ਨਾਮਜ਼ਦ 15 ਮੈਂਬਰਾਂ ਵਿਚੋਂ ਵੀ 12 ਇਸੇ ਦਲ ਨਾਲ ਸਬੰਧ ਰਖਦੇ ਹਨ। ਪਿਛਲੀਆਂ 2017 ਵਿਧਾਨ ਸਭਾ ਚੋਣਾਂ ਵੇਲੇ ਚਾਰ ਜਾਂ ਪੰਜ ਮੈਂਬਰ ਆਮ ਆਦਮੀ ਪਾਰਟੀ ਤੇ ਹੋਰ ਪਾਸੇ ਚਲੇ ਗਏ ਸਨ।

ਪੰਜਾਬ ਹਰਿਆਣਾ, ਚੰਡੀਗੜ੍ਹ ਦੀਆਂ ਕੁਲ 120 ਸ਼੍ਰੋਮਣੀ ਕਮੇਟੀ ਸੀਟਾਂ ਤੋਂ 170 ਮੈਂਬਰ ਚੁਣ ਕੇ ਆਉਂਦੇ ਹਨ। ਮਗਰੋਂ 15 ਹੋਰ ਮੈਂਬਰ ਨਾਮਜ਼ਦ ਕਰ ਕੇ 185 ਮੈਂਬਰੀ ਹਾਊਸ ਬਣਦਾ ਹੈ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਹੁੰਦਾ ਹੈ। ਮੌਜੂਦਾ ਹਾਊਸ ਸਤੰਬਰ 2011 ਦੀ ਚੋਣ ‘ਤੇ ਆਧਾਰਤ ਹੈ ਜਿਸ ਦੀ ਪਹਿਲੀ ਬੈਠਕ ਨਵੰਬਰ 2016 ਵਿਚ ਹੋਈ ਸੀ ਕਿਉਂਕਿ ਸਹਿਜਧਾਰੀ ਸਿੱਖਾਂ ਦੇ ਵੋਟ ਅਧਿਕਾਰ ਦਾ ਅਦਾਲਤੀ ਕੇਸ ਪੰਜ ਸਾਲ ਚਲਦਾ ਰਿਹਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਪਿਛਲੇ ਸਾਲ ਪੰਜ ਨਵੰਬਰ ਨੂੰ ਪ੍ਰਧਾਨ ਬਣਾਏ ਗਏ ਸਨ। ਇਸ ਤੋਂ ਪਹਿਲਾਂ ਉਹ 27 ਨਵੰਬਰ 2001 ਤੋਂ 20 ਜੁਲਾਈ 2003 ਤਕ ਪ੍ਰਧਾਨ ਰਹੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)