ਰਿਆਨ ਕਾਂਡ: ਸੀਬੀਆਈ ਵੱਲੋਂ 11ਵੀਂ ਜਮਾਤ ਦਾ ਵਿਦਿਆਰਥੀ ਕਾਬੂ

Ryan-Murder-Case

ਨਵੀਂ ਦਿੱਲੀ, 8 ਨਵੰਬਰ (ਏਜੰਸੀ) : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ’ਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀਬੀਆਈ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ, ਜੋ ਕਥਿਤ ਤੌਰ ’ਤੇ ਮਾਪੇ-ਅਧਿਆਪਕ ਮੀਟਿੰਗ ਅਤੇ ਪ੍ਰੀਖਿਆ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ। ਸੀਬੀਆਈ ਦੇ ਤਰਜਮਾਨ ਨੇ ਦੱਸਿਆ ਕਿ ਸਕੂਲ ’ਚ ਆਪਣੇ ਜੂਨੀਅਰ ਵਿਦਿਆਰਥੀ ਦੇ ਕਥਿਤ ਕਤਲ ਲਈ ਹਾਈ ਸਕੂਲ ਵਿਦਿਆਰਥੀ (16 ਸਾਲ) ਨੂੰ ਕੱਲ੍ਹ ਦੇਰ ਰਾਤ ਕਾਬੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 8 ਸਤੰਬਰ ਦੀ ਸਵੇਰ ਨੂੰ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਯਮਨ ਦੀ ਲਾਸ਼ ਮਿਲੀ ਸੀ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦੇ ਫੱਟ ਸਨ।

ਸੀਬੀਆਈ ਨੂੰ ਬੱਸ ਕੰਡਕਟਰ ਅਸ਼ੋਕ ਕੁਮਾਰ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ ਜਦੋਂਕਿ ਇਸ ਕਤਲ ’ਚ ਗੁਰੂਗ੍ਰਾਮ ਪੁਲੀਸ ਨੇ ਇਕੱਲੇ ਅਸ਼ੋਕ ਕੁਮਾਰ ਨੂੰ ਹੀ ਮੁਲਜ਼ਮ ਬਣਾਇਆ ਸੀ। ਸੀਬੀਆਈ ਜਾਂਚ ਪੁਲੀਸ ਲਈ ਵੱਡੀ ਨਮੋਸ਼ੀ ਬਣ ਗਈ ਹੈ। ਸੀਬੀਆਈ ਦੇ ਤਰਜਮਾਨ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਕਤਲ ਲਈ ਵਰਤਿਆ ਗਿਆ ਚਾਕੂ ਪਖਾਨੇ ਵਿੱਚੋਂ ਮਿਲ ਗਿਆ ਸੀ, ਜਿਥੇ ਕਥਿਤ ਤੌਰ ’ਤੇ ਇਹ ਕਤਲ ਹੋਇਆ ਸੀ। ਕੇਂਦਰੀ ਜਾਂਚ ਏਜੰਸੀ ਮੁਤਾਬਕ 11ਵੀਂ ਜਮਾਤ ਦਾ ਇਹ ਵਿਦਿਆਰਥੀ ਪੜ੍ਹਾਈ ’ਚ ਕਮਜ਼ੋਰ ਸੀ। ਉਸ ਨੇ ਕਥਿਤ ਤੌਰ ’ਤੇ ਪ੍ਰਦੁਮਯਨ ਦਾ ਗਲਾ ਵੱਢਿਆ ਸੀ ਤਾਂ ਜੋ ਸਕੂਲ ਛੁੱਟੀ ਐਲਾਨ ਦੇਵੇ ਅਤੇ ਉਸ ਦਿਨ ਹੋਣ ਵਾਲੀ ਮਾਪੇ-ਅਧਿਆਪਕ ਮੀਟਿੰਗ (ਪੀਟੀਐਮ) ਤੇ ਪ੍ਰੀਖਿਆ ਰੱਦ ਹੋ ਜਾਵੇ।

ਇਕ ਅਧਿਕਾਰੀ ਨੇ ਕਿਹਾ ਕਿ ਸਕੂਲ ਸਟਾਫ, ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਪੁੱਛ ਪੜਤਾਲ, ਵਾਰਦਾਤ ਵਾਲੀ ਜਗ੍ਹਾ ਦੇ ਜਾਇਜ਼ੇ, ਫੋਰੈਂਸਿਕ ਜਾਂਚ ਅਤੇ ਸੀਸੀਟੀਵੀ ਫੁਟੇਜ ਖੰਗਾਲਣ ਬਾਅਦ ਸੀਬੀਆਈ ਇਸ ਕਤਲ ਦੀਆਂ ਕੜੀਆਂ ਜੋੜਨ ’ਚ ਕਾਮਯਾਬ ਹੋਈ ਹੈ। ਸੀਬੀਆਈ ਦੇ ਤਰਜਮਾਨ ਨੇ ਦੱਸਿਆ ਕਿ ਇਸ ਨਾਬਾਲਗ ਵਿਦਿਆਰਥੀ ਨੂੰ ਕੱਲ੍ਹ ਰਾਤ ਸਾਢੇ 11 ਵਜੇ ਬਾਲ ਨਿਆਂ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਕਾਬੂ ਕੀਤਾ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)