ਭਾਰਤ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ : ਫ਼ਾਰੂਕ

farooq-abdullah

ਸ੍ਰੀਨਗਰ, 11 ਨਵੰਬਰ (ਏਜੰਸੀ) : ਜੰਮੂ-ਕਸ਼ਮੀਰ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਸੂਬੇ ਨੇ ਭਾਰਤ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਦੇਸ਼ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੰਦਰੂਨੀ ਖ਼ੁਦਮੁਖਤਿਆਰੀ ਕਸ਼ਮੀਰ ਦਾ ਹੱਕ ਹੈ ਅਤੇ ਕੇਂਦਰ ਨੂੰ ਇਸ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਹੀ ਸ਼ਾਂਤੀ ਪਰਤ ਸਕੇਗੀ।ਅਬਦੁੱਲਾ ਨੇ ਕਿਹਾ, ”ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਕ ਫ਼ੈਸਲਾ ਹੋਇਆ ਸੀ (ਸ਼ਾਮਲ ਹੋਣ ਦਾ) ਪਰ ਭਾਰਤ ਨੇ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ। ਭਾਰਤ ਨੇ ਧੋਖਾ ਦਿਤਾ।

ਉਨ੍ਹਾਂ ਨੇ ਉਸ ਪਿਆਰ ਨੂੰ ਨਹੀਂ ਸਮਝਿਆ ਜਿਸ ਨਾਲ ਅਸੀਂ ਉਨ੍ਹਾਂ ਨਾਲ ਜੀਣ ਦਾ ਬਦਲ ਚੁਣਿਆ ਸੀ। ਕਸ਼ਮੀਰ ਦੀ ਮੌਜੂਦਾ ਸਥਿਤੀ ਇਸੇ ਕਰ ਕੇ ਖ਼ਰਾਬ ਹੈ।”ਅਬਦੁੱਲਾ ਨੇ ਇਹ ਵੀ ਕਿਹਾ ਕਿ ਆਜ਼ਾਦ ਕਸ਼ਮੀਰ ਦੀ ਗੱਲ ਗ਼ਲਤ ਹੈ ਕਿਉਂਕਿ ਵਾਦੀ ਚਾਰੇ ਪਾਸਿਆਂ ਤੋਂ ਜ਼ਮੀਨ ਨਾਲ ਜੁੜੀ ਹੋਈ ਹੈ ਅਤੇ ਤਿੰਨ ਪ੍ਰਮਾਣੂ ਤਾਕਤਾਂ ਚੀਨ, ਪਾਕਿਸਤਾਨ ਅਤੇ ਭਾਰਤ ਨਾਲ ਘਿਰੀ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਇਕ ਆਜ਼ਾਦ ਕਸ਼ਮੀਰ ਦੇ ਵਿਚਾਰ ਨੂੰ ਖ਼ਾਰਜ ਕਰਦਿਆਂ ਕਿਹਾ ਸੀ ਕਿ ਇਹ ਅਸਲੀਅਤ ਉਤੇ ਆਧਾਰਤ ਨਹੀਂ ਹੈ।

ਸ੍ਰੀਨਗਰ ਤੋਂ ਸੰਸਦ ਮੈਂਬਰ ਨੇ ਇਥੇ ਪਾਰਟੀ ਹੈੱਡਕੁਆਰਟਰ ‘ਚ ਇਕ ਪ੍ਰੋਗਰਾਮ ਤੋਂ ਉਹਲੇ ਪੱਤਰਕਾਰਾਂ ਨੂੰ ਕਿਹਾ, ”ਮੈਂ ਇਹ ਕਹਿ ਰਿਹਾ ਸੀ ਕਿ ਇੱਥੇ ਆਜ਼ਾਦੀ (ਆਜ਼ਾਦ ਕਸ਼ਮੀਰ) ਵਰਗਾ ਕੋਈ ਮੁੱਦਾ ਨਹੀਂ। ਅਸੀਂ ਚਾਰੇ ਪਾਸਿਆਂ ਤੋਂ ਜ਼ਮੀਨ ਨਾਲ ਘਿਰੇ ਹੋਏ ਹਾਂ। ਇਸ ਤੋਂ ਇਲਾਵਾ ਇਕ ਪਾਸੇ ਚੀਨ ਹੈ, ਦੂਜੇ ਪਾਸੇ ਪਾਕਿਸਤਾਨ ਹੈ ਅਤੇ ਤੀਜੇ ਪਾਸੇ ਭਾਰਤ ਹੈ।” ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਕੋਲ ਪ੍ਰਮਾਣੂ ਬੰਬ ਹਨ ਅਤੇ ਕਸ਼ਮੀਰ ਕੋਲ ਅੱਲਾਹ ਦੇ ਨਾਂ ਤੋਂ ਸਿਵਾ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਆਜ਼ਾਦੀ ਬਾਰੇ ਗੱਲ ਕਰਨ ਵਾਲੇ ਵੱਖਵਾਦੀ ਗ਼ਲਤ ਗੱਲ ਕਰ ਰਹੇ ਹਨ।

ਇਹ ਪੁੱੱਛੇ ਜਾਣ ‘ਤੇ ਕਿ ਕੀ ਕਸ਼ਮੀਰ ਲਈ ਕੇਂਦਰ ਦੇ ਵਿਸ਼ੇਸ਼ ਪ੍ਰਤੀਨਿਧ ਦਿਨੇਸ਼ਵਰ ਸ਼ਰਮਾ ਸਫ਼ਲ ਰਹੇ ਹਨ? ਅਬਦੁੱਲਾ ਨੇ ਕਿਹਾ ਕਿ ਸਿਰਫ਼ ਸ਼ਰਮਾ ਹੀ ਇਸ ਬਾਰੇ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਦਾ ਮੁੱਦਾ ਹੈ। ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰਨੀ ਹੋਵੇਗੀ ਕਿਉਂਕਿ ਜੰਮੂ-ਕਸ਼ਮੀਰ ਦਾ ਇਕ ਹਿੱਸਾ ਪਾਕਿਸਤਾਨ ਕੋਲ ਹੈ।

Facebook Comments

POST A COMMENT.

Enable Google Transliteration.(To type in English, press Ctrl+g)