ਧਾਰਮਕ-ਇਤਿਹਾਸਕ ਮਾਨਤਾਵਾਂ : ਫੈਸਲੇ ਅਦਾਲਤਾਂ ਕਰਿਆ ਕਰਨਗੀਆਂ?

-ਜਸਵੰਤ ਸਿੰਘ ‘ਅਜੀਤ’
ਹਰਜਿੰਦਰ ਸਿੰਘ ਦਲਗੀਰ ਰਚਿਤ ਸਿੱਖ ਇਤਿਹਾਸ ਵਿੱਚ ਇਤਿਹਾਸ ਦੀਆਂ ਸਥਾਪਿਤ ਕਈ ਮਾਨਤਾਵਾਂ, ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਕਾਰਜਾਂ ਤੇ ਸ਼ਹਾਦਤਾਂ ਆਦਿ ਦੇ ਉਦੇਸ਼ਾਂ ਨੂੰ ਵਿਗਾੜਨ ਤੇ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲਣ ’ਤੇ, ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰ, ਸਿੱਖਾਂ ਨੂੰ ਸ. ਦਲਗੀਰ ਰਚਿਤ ਸਿੱਖ ਇਤਿਹਾਸ ਅਤੇ ਉਸਦਾ [ਆਪਣਾ] ਸਮਾਜਿਕ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਗਿਆ। ਦਸਿਆ ਗਿਆ ਹੈ ਕਿ ਸ. ਦਲਗੀਰ ਨੇ ਅਕਾਲ ਤਖਤ ਤੋਂ ਜਾਰੀ ਇਸ ਆਦੇਸ਼ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ, ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰਿਟ ਦਾਖਲ ਕੀਤੀ ਹੈ। ਅਦਾਲਤ ਦਾ ਫੈਸਲਾ ਕੀ ਹੋਵੇਗਾ? ਇਸ ਸੁਆਲ ਦਾ ਜਵਾਬ ਤਾਂ ਸਮਾਂ ਦੇ ਹੀ ਦੇਵੇਗਾ, ਪ੍ਰੰਤੂ ਇਨ੍ਹਾਂ ਬਣੇ ਹਾਲਾਤ ਦੀ ਘੋਖ ਕਰਦਿਆਂ ਜ਼ਹਿਨ ਵਿੱਚ ਇਹ ਸਵਾਲ ਜ਼ਰੂਰ ਉਭਰ ਸਾਹਮਣੇ ਆ ਜਾਂਦਾ ਹੈ ਕਿ ਕਿਸੇ ਧਰਮ ਦੀ ਪ੍ਰੀਭਾਸ਼ਾ ਕੀ ਹੈ ਅਤੇ ਉਸਦੀਆਂ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਕੀ ਹਨ? ਇਸਦਾ ਫੈਸਲਾ ਕੀ ਹੁਣ ਅਦਾਲਤਾਂ ਕੀਤਾ ਕਰਨਗੀਆਂ? ਇਹ ਸਵਾਲ ਉਭਰ ਸਾਹਮਣੇ ਆਉਣ ਦਾ ਕਾਰਣ ਇਹ ਹੈ ਕਿ ਲਗਭਗ ਦੋ-ਢਾਈ ਵਰ੍ਹੇ ਪਹਿਲਾ ਵੀ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾਂ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਰਾਖਵਾਂ ਕਰਨ ਲਈ ਜੋ ਕਾਨੂੰਨ ਬਣਾਇਆ ਸੀ ਤਾਂ ਉਹ ਵੀ ਸਰਕਾਰ ਦਾ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖ਼ਲ ਦੇਣਾ ਹੀ ਸੀ! ਉਸ ਸਮੇਂ ਵੀ ਸਿੱਖ ਵਿਦਵਾਨਾਂ ਦੇ ਇੱਕ ਵਰਗ ਵਲੋਂ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ, ਦੋਸ਼ ਲਾਇਆ ਗਿਅ ਸੀ, ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਅਜਿਹਾ ਕਰ, ਸਿਖਾਂ ਦੇ ਧਾਰਮਕ ਮਾਮਲਿਆਂ ਵਿਚ ਸਰਕਾਰ ਵਲੌਂ ਦਖਲ-ਅੰਦਾਜ਼ੀ ਕੀਤੇ ਜਾਣ ਦਾ ਰਾਹ ਖੋਲ੍ਹ ਦਿਤਾ ਹੈ, ਉਨ੍ਹਾਂ ਦੀ ਮਾਨਤਾ ਇਹ ਸੀ ਕਿ ਇਸ ਸੰਬੰਧ ਵਿੱਚ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਹੀ ਇਸ ਉਦੇਸ਼ ਨੂੰ ਪੂਰਿਆਂ ਕੀਤਾ ਜਾ ਸਕਦਾ ਸੀ। ਪ੍ਰੰਤੂ ਉਸ ਸਮੇਂ ਉਨ੍ਹਾਂ ਦੇ ਵਿਰੋਧ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ।

ਇਸੇ ਤਰ੍ਹਾਂ ਜਦੋਂ ਸਿੱਖ ਧਰਮ ਵਿੱਚ ਕੇਸਾਂ ਦੀ ਮਹਤੱਤਾ ਅਤੇ ਸਿੱਖ ਦੀ ਪ੍ਰੀਭਾਸ਼ਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਹਲ ਲਈ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਫੈਸਲਾ ਦਿੱਤਾ ਗਿਆ ਤਾਂ ਉਸ ਸਮੇਂ ਕਈ ਸਿੱਖ ਆਗੂਆਂ ਨੇ ਬਗ਼ਲਾਂ ਵਜਾਈਆਂ ਅਤੇ ਉਸ ਫੈਸਲੇ ਨੂੰ ਇਤਿਹਾਸਕ, ਸਿੱਖਾਂ ਅਤੇ ਸਿੱਖੀ ਦੇ ਹਿਤ ਵਿੱਚ ਕਰਾਰ ਦਿੰਦਿਆਂ, ਨਾ ਕੇਵਲ ਉਸਦਾ ਸੁਆਗਤ ਕੀਤਾ, ਸਗੋਂ ਹਰ ਕਿਸੇ ਨੇ ਅਗੇ ਆ ਇਸ ‘ਅਖੌਤੀ ਸਫਲਤਾ’ ਦਾ ਸੇਹਰਾ ਆਪਣੇ ਸਿਰ ਬੰਨ੍ਹਣ ਲਈ ਵੀ ਪੂਰੀ ਵਾਹ ਲਾ ਦਿੱਤੀ। ਪ੍ਰੰਤੂ ਹਰ ਕਿਸੇ ਨੇ ਇਸ ਗਲ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਕਿ ਇਹ ਫੈਸਲਾ ਦਿੰਦਿਆਂ ਅਦਾਲਤ ਦੇ ਵਿਦਵਾਨ ਜਜਾਂ ਨੇ ਆਪਣੇ ਫੈਸਲੇ ਵਿਚ ਇਹ ਦਾਅਵਾ ਕਰ ਕਿ ‘ਜੇ ਕਿਸੇ ਧਾਰਮਕ ਮੁੱਦੇ ਤੇ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਅਦਾਲਤ ਨੂੰ ਉਸ ਮੁੱਦੇ ’ਤੇ ਸੁਣਵਾਈ ਕਰਨ ਅਤੇ ਫੈਸਲਾ ਦੇਣ ਦਾ ਅਧਿਕਾਰ ਪ੍ਰਾਪਤ ਹੈ’, ਧਾਰਮਕ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਨੂੰ ਜਾਇਜ਼ ਕਰਾਰ ਦੇ ਦਿੱਤਾ ਹੋਇਆ ਸੀ।

ਸਿੱਖੀ ਦੇ ਠੇਕੇਦਾਰਾਂ ਨੇ, ਇਸਤਰ੍ਹਾਂ ਆਪ ਹੀ ਪੰਜਾਬ-ਹਰਿਆਣਾ ਹਾਈਕੋਰਟ ਪਾਸੋਂ ਧਾਰਮਕ ਮੁੱਦਿਆਂ ਬਾਰੇ ਪੈਦਾ ਹੋਏ ਵਿਵਾਦਾਂ ਦਾ ਫੈਸਲਾ ਕਰਵਾ, ਆਪਣੇ ਧਾਰਮਕ ਮਾਮਲਿਆਂ ਵਿਚ, ਅਦਾਲਤਾਂ ਵਲੋਂ ਦਖਲ ਦਿੱਤੇ ਜਾਣ ਦਾ ਜੋ ਰਾਹ ਖੋਲ੍ਹ ਲਿਆ, ਬਾਰੇ ਕਿਸੇ ਨੇ ਸੋਚਣ-ਸਮਝਣ ਅਤੇ ਵਿਚਾਰਨ ਦੀ ਲੋੜ ਤਕ ਨਹੀਂ ਸਮਝੀ, ਕਿ ਆਉਣ ਵਾਲੇ ਸਮੇਂ ਵਿਚ ਸਿਖ ਕੌਮ ਨੂੰ ਇਸਦਾ ਕਿਤਨਾ ਭਾਰੀ ਮੁਲ ਤਾਰਨਾ ਪਵੇਗਾ। [ਇਸਦੀ ਪੁਸ਼ਟੀ ਹਰਜਿੰਦਰ ਸਿੰਘ ਦਲਗੀਰ ਵਲੋਂ ਅਕਾਲ ਤਖਤ ਤੋਂ ਜਾਰੀ ਉਸ ਹੁਕਮਨਾਮੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਅਦਾਲਤ ਵੱਚ ਦਿੱਤੀ ਗਈ ਚੁਨੌਤੀ ਤੋਂ ਹੋ ਗਈ ਹੈ, ਜਿਸ ਵਿੱਚ ਸਿੱਖਾਂ ਨੂੰ ਉਸ ਵਲੋਂ ਰਚਿਤ ਸਿੱਖ ਇਤਿਹਾਸ ਦੀਆਂ ਉਨ੍ਹਾਂ ਪੁਸਤਾਕਾਂ, ਜਿਨ੍ਹਾਂ ਵਿੱਚ ਸਿੱਖ ਇਤਿਹਾਸ ਨੂੰ ਵਿਗਾੜ ਗੁਰੂ ਸਾਹਿਬਾਨ ਦੀ ਉਚ ਸ਼ਖਸੀਅਤ ਨੂੰ ਛੁਟਿਆਉਣ ਦੀ ਕੌਸ਼ਿਸ਼ ਕੀਤੀ ਗਈ ਹੈ ਅਤੇ ਉਸਦਾ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਸਿੱਖ ਇਤਿਹਾਸ ਦੇ ਪੁਨਰ ਲੇਖਨ ਦੀ ਸੋਚ: ਦਸਿਆ ਜਾਂਦਾ ਹੈ ਕਿ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਕੁਝ ਹੋਰ ਸਿੱਖ ਸੰਸਥਾਵਾਂ ਨੇ ਸਿੱਖ ਇਤਿਹਾਸ ਨੂੰ ਵਿਘਾੜੇ ਜਾਣ ਦੀ ਵੱਧ ਰਹੀ ਰੁਚੀ ਕਾਰਣ ਪੈਦਾ ਹੋ ਰਹੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ‘ਸਿੱਖ ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾਏ ਜਾਣ ਪ੍ਰਤੀ ਪਹਿਲ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਉਦੇਸ਼ ਨਾਲ, ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਵੀ ‘ਹਾਇਰ’ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੂੰ ਲਖਾਂ ਰੁਪਏ ਪੇਸ਼ਗੀ ਵਜੋਂ ਅਦਾ ਕਰ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿਮੇਂਦਾਰੀ ਸੌਂਪਣੀ ਵੀ ਸ਼ੁਰੂ ਕਰ ਦਿੱਤੀ ਸੀ।

ਜਦੋਂ ਇਹ ਗਲ ਸਾਹਮਣੇ ਆਈ ਉਸ ਸਮੇਂ ਵੀ ਕਈ ਸਿੱਖ ਵਿਦਵਾਨਾਂ ਵਲੋਂ ਇਹ ਖਦਸ਼ਾ ਪ੍ਰਗਟ ਕੀਤਾ ਜਾਣ ਲਗਾ ਸੀ ਕਿ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪੀ ਜਾ ਰਹੀ ਹੈ, ਕੀ ਉਸਦੇ ਸੰਬੰਧ ਵਿੱਚ ਗਰੰਟੀ ਪ੍ਰਾਪਤ ਕਰ ਲਈ ਗਈ ਹੋਈ ਹੈ ਕਿ ਉਹ ਸਿੱਖ ਇਤਿਹਾਸ ਨਾਲ ਇਨਸਾਫ ਕਰੇਗਾ ਅਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਕੀ ਉਹ ਸੱਚਮੁੱਚ ਵਿਸ਼ਵਾਸਪਾਤ੍ਰ ਵਿਦਵਾਨ ਹੈ ਕਿ ਜਿਤਨੀ ਕੀਮਤ ਉਹ ਆਪਣੀ ਰਚਨਾ ਲਈ ਪੇਸ਼ਗੀ ਵਜੋਂ ਵਸੂਲ ਕਰ ਰਿਹਾ ਹੈ, ਉਤਨੇ ਮੁਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ ਰਕਮ ਉਹ ਵਾਪਸ ਕਰ ਦੇਵੇਗਾ?

ਸੁਆਲ ਉਠਾਣ ਵਾਲੇ ਵਿਦਵਾਨਾਂ ਦਾ ਮਤ ਸੀ ਕਿ ਇਹ ਗਲ ਤਾਂ ਕਸੌਟੀ ਤੇ ਪੂਰੀ ਉਤਰਦੀ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਸੱਚਾਈ ਹੈ ਕਿ ਵਧੇਰੇ ਕਰ ਅਰੰਭਕ ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ਤੇ ਲਿਖਿਆ ਗਿਆ। ਦੂਸਰੇ ਪਾਸੇ ਇਸ ਸੱਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਨੇ ਵੀ ਆਪਣੇ ਤੋਂ ਪਹਿਲਾਂ ਲਿਖੇ ਇਤਹਿਾਸ ਦਾ ਹੀ ਸਹਾਰਾ ਲਿਆ ਅਤੇ ਉਸਦੇ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਉਹ ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ ਇਤਿਹਾਸ ਮੁੱਢ ਤੋਂ ਹੀ ਆਪਣੀ ਸੱਚਾਈ ਦਾ ਜੋ ਆਧਾਰ ਗੁਆਉਂਦਾ ਚਲਿਆ ਆਇਆ ਉਸਤੋਂ ਆਪਣੇ ਆਪਨੂੰ ਬੱਚਾ ਨਾ ਸਕਿਆ।

ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਵਾ ਰਹੀਆਂ ਨੇ, ਸ਼ਾਇਦ ਉਨ੍ਹਾਂ ਨੇ ਇਹ ਗਲ ਮੰਨ ਲਈ ਹੋਈ ਹੈ ਕਿ ਜਿਸ ਵਿਦਵਾਨ ਪਾਸੋਂ ਉਹ ਇਤਿਹਾਸ ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ ਅਤੇ ਇਤਿਹਾਸਕ ਸੱਚਾਈ ਨੂੰ ਹੀ ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਵਲੋਂ ਉਸ ਸਮੇਂ ਹੀ ਸ਼ੰਕਾ ਪ੍ਰਗਟ ਕਰ ਦਿੱਤੀ ਸੀ ਕਿ ਇਤਿਹਾਸ ਦੇ ਇਹ ਕਹਿੰਦੇ ਕਹਾਉਂਦੇ ‘ਵਿਦਵਾਨ’ ਸ਼ਾਇਦ ਸਿੱਖ ਇਤਿਹਾਸ ਨਾਲ ਪੂਰਾ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦਸਦੇ ਸਨ ਕਿ ਲਗਭਗ ਸਾਰੇ ਹੀ ਵਿਦਵਾਨ, ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਤ ਹਨ। ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿਦਵਾਨਾਂ ਵਲੋਂ ਲਿਖਿਆ ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸ ਤੋਂ ਉਹ ਪ੍ਰੇਰਿਤ ਹਨ।

ਇਨ੍ਹਾਂ ਵਿਦਵਾਨਾਂ ਦਾ ਕਹਿਣਾ ਸੀ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ ਲਿਖਵਾਣ ਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ ਨੀਤੀ ਅਪਨਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।

ਪਹਿਲੀ ਟੀਮ ਉਹ, ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰ ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਕੰਮ ਦੀ ਜਾਂਚ-ਪੜਤਾਲ ਕਰ ਲਿਖੇ ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਪੜਾਵਾਂ ਤੋਂ ਪਾਰ ਹੋਣ ਤੋਂ ਬਾਅਦ ਹੀ ਨਵਾਂ ਲਿਖਿਆ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।

…ਅਤੇ ਅੰਤ ਵਿੱਚ : ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ ਦੀ ਬਜਾਏ ਆਪਣੇ-ਆਪਨੂੰ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)