ਯੋਗੀ ਵੱਲੋਂ ਤਾਜ ਵਿਵਾਦ ਦੇ ਚਿੱਕੜ ਵਿੱਚ ‘ਕਮਲ’ ਖਿੜਾਉਣ ਦੀ ਕੋਸ਼ਿਸ਼

Yogi-Adityanath-in-Agra

ਆਗਰਾ, 26 ਅਕਤੂਬਰ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਤਾਜ ਮਹੱਲ ਦੇ ਬਾਹਰ ਸੜਕ ਉਤੇ ਸਫ਼ਾਈ ਕੀਤੀ ਅਤੇ ਮੁਗ਼ਲ ਕਾਲ ਦੀ ਇਸ ਯਾਦਗਾਰ ਦੇ ਅੰਦਰ ਗੇੜਾ ਮਾਰਿਆ। ਉਨ੍ਹਾਂ ਤਾਜ ਨੂੰ ਭਾਰਤੀ ਸੱਭਿਆਚਾਰ ਦਾ ਅਨਿੱਖੜ ਅੰਗ ਅਤੇ ਇਕ ਹੀਰਾ ਦੱਸਿਆ। ਸੂਬੇ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਦੀ ਕਾਫ਼ੀ ਪ੍ਰਚਾਰੀ ਇਹ ਫੇਰੀ ਅਜਿਹੇ ਸਮੇਂ ਹੋਈ, ਜਦੋਂ ਕੁੱਝ ਦਿਨਾਂ ਤੋਂ ਪਾਰਟੀ ਆਗੂ ਤੇ ਮੰਤਰੀ ਪਿਆਰ ਦੇ ਇਸ ਪ੍ਰਸਿੱਧ ਪ੍ਰਤੀਕ ਖ਼ਿਲਾਫ਼ ਭੜਕਾਊ ਬਿਆਨ ਦੇ ਰਹੇ ਹਨ।

ਵਿਵਾਦ ਕਾਰਨ ਆਲੋਚਨਾ ਦਾ ਸ਼ਿਕਾਰ ਭਾਜਪਾ ਦੀ ਦਿੱਖ ਬਚਾਉਣ ਲਈ ਹੋਈ ਇਸ ਫੇਰੀ ਦੌਰਾਨ ਅਦਿੱਤਿਆਨਾਥ ਨੇ ਕਿਹਾ ਕਿ ਸਰਕਾਰ 17ਵੀਂ ਸਦੀ ਦੀ ਇਸ ਯਾਦਗਾਰ ਦੀ ਸਾਂਭ-ਸੰਭਾਲ ਲਈ ਵਚਨਬੱਧ ਹੈ। ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ, ਅਧਿਕਾਰੀਆਂ ਤੇ ਹਮਾਇਤੀਆਂ ਵਿੱਚ ਘਿਰੇ ਮੁੱਖ ਮੰਤਰੀ ਨੇ ਤਕਰੀਬਨ ਅੱਧਾ ਘੰਟਾ ਤਾਜ ਗਲਿਆਰੇ ਵਿੱਚ ਬਿਤਾਇਆ ਅਤੇ ਅੰਦਰ ਜਾਣ ਤੋਂ ਪਹਿਲਾਂ ਨੀਝ ਲਾ ਕੇ ਪਿਆਰ ਦੀ ਇਸ ਮੂਰਤ ਨੂੰ ਤੱਕਿਆ। ਉਨ੍ਹਾਂ ਵਿਦੇਸ਼ੀ ਸੈਲਾਨੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ ਅਤੇ ਗੱਲਬਾਤ ਕੀਤੀ। ਉਹ ਪੱਛਮੀ ਦਰਵਾਜ਼ੇ ਰਾਹੀਂ ਅੰਦਰ ਦਾਖ਼ਲ ਹੋਏ। ਇੱਥੇ ਉਨ੍ਹਾਂ ਸੜਕ ਵੀ ਸੁੰਭਰੀ ਅਤੇ ਪੂਰਬੀ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਸਿੱਧੇ ਪੁਰਾਤਤਵ ਵਿਭਾਗ ਦੀ ਪੇਸ਼ਕਾਰੀ ਵੱਲ ਗਏ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਹਾਰ ਵਿੱਚ ਇਕ ਰੈਲੀ ਦੌਰਾਨ ਯੋਗੀ ਅਦਿੱਤਿਆਨਾਥ ਨੇ ਕਿਹਾ ਸੀ ਕਿ ਤਾਜ ਮਹੱਲ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਨਹੀਂ ਕਰਦਾ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਤਾਜ ਦਾ ਮਾਡਲ ਦੇਣ ਦੀ ਥਾਂ ਗੀਤਾ ਭੇਟ ਕਰਨੀ ਚਾਹੀਦੀ ਹੈ।ਇਸ ਦੌਰਾਨ ਸੀਪੀਆਈ ਆਗੂ ਅਤੁਲ ਅੰਜਨ ਨੇ ਇਸ ਦੌਰੇ ਨੂੰ ਪਛਤਾਵਾ ਯਾਤਰਾ ਦੱਸਿਆ, ਜਦੋਂ ਕਿ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ‘‘ਦੇਖੋਂ ਸਮਾਂ ਕਿਵੇਂ ਬਦਲਦਾ ਹੈ। ਭਾਜਪਾ ਇਸ ਨੂੰ ਵਿਰਾਸਤ ਨਹੀਂ ਮੰਨਦੀ ਸੀ ਅਤੇ ਹੁਣ ਮੁੱਖ ਮੰਤਰੀ ਤਾਜ ਦਾ ਪੱਛਮੀ ਦੁਆਰ ਸੁੰਭਰ ਰਹੇ ਹਨ।’’ ਲਖਨਊ ਵਿੱਚ ਅਖਿਲੇਸ਼ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੂੰ ਤਾਜ ਮਹੱਲ ਨਾਲ ਇੰਨਾ ਹੀ ਹੇਜ ਹੈ ਤਾਂ ਉਹ ਇਸ ਸਮਾਰਕ ਅੱਗੇ ਉਸ ਬੈਂਚ ਉਤੇ ਬੈਠ ਕੇ ਤਸਵੀਰ ਖਿਚਵਾਉਣ, ਜਿਹੜੀ ਤਸਵੀਰਾਂ ਲੈਣ ਲਈ ਸੈਲਾਨੀਆਂ ਦੀ ਪਸੰਦੀਦਾ ਥਾਂ ਹੈ।

Facebook Comments

POST A COMMENT.

Enable Google Transliteration.(To type in English, press Ctrl+g)