ਸਿੰਗਾਪੁਰ ’ਚ ਦੋਹਰੀ ਨਾਗਰਿਕਤਾ ਦੇ ਮੁੱਦੇ ’ਤੇ ਬਹਿਸ

singapore

ਸਿੰਗਾਪੁਰ, 8 ਅਕਤੂਬਰ (ਏਜੰਸੀ) : ਸਿੰਗਾਪੁਰ ’ਚ ਦੋਹਰੀ ਨਾਗਰਿਕਤਾ ਦੇ ਮੁੱਦੇ ’ਤੇ ਬਹਿਸ ਛਿੜੀ ਹੋਈ ਹੈ। ਭਾਰਤ ਸਰਕਾਰ ਵੱਲੋਂ ਭਾਰਤੀ ਪਰਵਾਸੀਆਂ ਨੂੰ ਦਿੱਤੇ ਗਏ ‘ਓਵਰਸੀਜ਼ ਸਿਟੀਜ਼ਨਸ਼ਿਪ’ ਦੇ ਦਰਜੇ ਵਾਂਗ ਕੁਝ ਹਲਕੇ ਇਸ ਧਾਰਨਾ ਦੀ ਵਕਾਲਤ ਕਰ ਰਹੇ ਹਨ। ‘ਦਿ ਸੰਡੇ ਟਾਈਮਜ਼’ ਅੱਜ ਪ੍ਰਕਾਸ਼ਤ ਹੋਈ ਰਿਪੋਰਟ ਮੁਤਾਬਕ ਕੂਟਨੀਤਕਾਂ ਅਤੇ ਅਕਾਦਮਿਸ਼ਨਾਂ ਨੇ ਸਿੰਗਾਪੁਰ ਦੇ ਵਸਨੀਕਾਂ ਲਈ ਦੋਹਰੀ ਨਾਗਰਿਕਤਾ ਦੇ ਮੁੱਦੇ ਦੇ ਪੱਖ ਅਤੇ ਉਸ ਦੇ ਵਿਰੋਧ ’ਚ ਦਲੀਲਾਂ ਦਿੱਤੀਆਂ ਹਨ।

ਸਾਲ 2013 ’ਚ ਸਰਕਾਰ ਨੇ ਨੀਮ ਫ਼ੌਜੀ ਬਲਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਿੰਗਾਪੁਰ ‘ਛੋਟਾ ਅਤੇ ਆਜ਼ਾਦ ਹੋਏ ਨੂੰ ਥੋੜਾ’ ਸਮਾਂ ਹੋਇਆ ਹੈ ਜਿਸ ਨਾਲ ਮੁਲਕ ਦੇ ਨਾਗਰਿਕਾਂ ਦੀ ਵਚਨਬੱਧਤਾ ਬਦਲ ਸਕਦੀ ਹੈ। ਦੋਹਰੀ ਨਾਗਰਿਕਤਾ ਦਾ ਮੁੱਦਾ ਸਮੇਂ ਸਮੇਂ ’ਤੇ ਉਠਦਾ ਆ ਰਿਹਾ ਹੈ। ਦੋਹਰੀ ਨਾਗਰਿਕਤਾ ਦੇ ਪੱਖ ’ਚ ਦਲੀਲ ਦੇਣ ਵਾਲੇ ਐਸ ਰਾਜਾਰਤਨਮ ਇੰਟਰਨੈਸ਼ਨਲ ਸਟੱਡੀਜ਼ ਸਕੂਲ ਦੇ ਬੈਰੀ ਡੇਸਕਰ ਨੇ ਕਿਹਾ ਕਿ ਇਸ ਨਾਲ ਵਿਦੇਸ਼ ’ਚ ਰਹਿਣ ਵਾਲੇ ਸਿੰਗਾਪੁਰ ਦੇ ਲੋਕਾਂ ਅਤੇ ਇਥੇ ਰਹਿੰਦੇ ਵਿਦੇਸ਼ੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਨੈਸ਼ਨਲ ਯੂਨੀਵਰਸਿਟੀ ’ਚ ਯੇਲ-ਐਨਯੂਐਸ ਕਾਲਜ ਦੇ ਪ੍ਰੋਫੈਸਰ ਤਾਨ ਤਾਈ ਯੋਂਗ ਨੇ ਕਿਹਾ ਕਿ ਸਿੰਗਾਪੁਰ ਦੇ ਵਿਦੇਸ਼ ’ਚ ਰਹਿੰਦੇ ਲੋਕ ਜਦੋਂ ਆਪਣੀ ਨਾਗਰਿਕਤਾ ਛੱਡ ਦਿੰਦੇ ਹਨ ਤਾਂ ਮੁਲਕ ਚੰਗੇ ਲੋਕਾਂ ਨਾਲੋਂ ਸੱਖਣਾ ਹੋ ਜਾਂਦਾ ਹੈ। ਦੋਹਰੀ ਨਾਗਰਿਕਤਾ ਦਾ ਵਿਰੋਧ ਕਰਦਿਆਂ ਆਈਐਸਈਏਐਸ-ਯੂਸਫ਼ ਇਸਹਾਕ ਇੰਸਟੀਚਿਊਟ ਦੇ ਪ੍ਰੋਫੈਸਰ ਲਿਓ ਸੂਰੀਆਦਿਨਾਤਾ ਨੇ ਕਿਹਾ ਕਿ ਨਾਗਰਿਕਤਾ ਤੋਂ ਭਾਵ ਸਿਆਸੀ ਵਫ਼ਾਦਾਰੀ ਹੈ ਅਤੇ ਇਹ ਸੰਦੇਹ ਪੈਦਾ ਹੁੰਦਾ ਹੈ ਕਿ ਕੋਈ ਵਿਅਕਤੀ ਦੋਵੇਂ ਮੁਲਕਾਂ ਪ੍ਰਤੀ ਵਫ਼ਾਦਾਰ ਰਹੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕੌਮੀਅਤ ਦੀ ਭਾਵਨਾ ਵਧਣ ਅਤੇ ਯੂਰੋਪੀਅਨ ਯੂਨੀਅਨ ਦੇ ਟੁੱਟਣ ਦੀ ਸੰਭਾਵਨਾ ਵਿਚਕਾਰ ਦੋਹਰੀ ਨਾਗਰਿਕਤਾ ਦਾ ਚਲਣ ਘਟਦਾ ਜਾ ਰਿਹਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)