ਕਸ਼ਮੀਰ ’ਚ ਕੱਟੜਵਾਦ ਲਈ ਸੋਸ਼ਲ ਮੀਡੀਆ ਜ਼ਿੰਮੇਵਾਰ : ਰਾਵਤ

Bipin-Rawat

ਜੰਮੂ, 21 ਅਕਤੂਬਰ (ਏਜੰਸੀ) : ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ’ਚ ਕੱਟੜਵਾਦ ਫੈਲਾਉਣ ਲਈ ਸੋਸ਼ਲ ਮੀਡੀਆ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਮਸਲੇ ਨੂੰ ਬਹੁਤੀ ਸੰਜੀਦਗੀ ਨਾਲ ਨਜਿੱਠਿਆ ਜਾ ਰਿਹਾ ਹੈ। ਜਨਰਲ ਰਾਵਤ, ਜੋ ਇਥੇ ਇਕ ਦਿਨ ਦੇ ਦੌਰੇ ’ਤੇ ਆਏ ਸਨ, ਨੇ ਗੁੱਤਾਂ ਕੱਟਣ ਦੀਆਂ ਘਟਨਾਵਾਂ ਨੂੰ ਆਮ ਮਾਮਲਾ ਕਰਾਰ ਦਿੱਤਾ। ਇਥੇ 47 ਆਰਮਰਡ ਰੈਜੀਮੈਂਟ ਨੂੰ ਪ੍ਰੈਜ਼ੀਡੈਂਟਜ਼ ਸਟੈਂਡਰਡਜ਼ ਦੇਣ ਲਈ ਹੋਏ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ, ਪੁਲੀਸ, ਪ੍ਰਸ਼ਾਸਨ ਅਤੇ ਹਰ ਕੋਈ ਕੱਟੜਵਾਦ ਤੋਂ ਫਿਕਰਮੰਦ ਹੈ।

ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਨੂੰ ਇਸ ਕਿਸਮ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਵੱਖਵਾਦੀਆਂ ਦੇ ਹੌਸਲਿਆਂ ਨੂੰ ਡੇਗਣ ਅਤੇ ਪੱਥਰਬਾਜ਼ਾਂ ਨੂੰ ਝਟਕਾ ਦੇਣ ਲਈ ਮਾਰੇ ਜਾ ਰਹੇ ਛਾਪਿਆਂ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਜਤਨਾਂ ਤਹਿਤ ਹਰ ਮਸ਼ੀਨਰੀ ਨੇ ਆਪਣੀ ਭੂਮਿਕਾ ਅਦਾ ਕਰਨੀ ਹੁੰਦੀ ਹੈ ਅਤੇ ਐਨਆਈਏ ਦੇ ਛਾਪਿਆਂ ਦਾ ਨੇੜ ਭਵਿੱਖ ’ਚ ਪਤਾ ਲੱਗੇਗਾ। ਗੁੱਤਾਂ ਕੱਟਣ ਦੇ ਮਾਮਲੇ ਬਾਰੇ ਥਲ ਸੈਨਾ ਮੁਖੀ ਨੇ ਕਿਹਾ ਕਿ ਇਹ ਕੋਈ ਚੁਣੌਤੀ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਤਾਂ ਮੁਲਕ ਦੇ ਹੋਰ ਹਿੱਸਿਆਂ ’ਚ ਵੀ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਕਾਰਵਾਈ ਕਰ ਰਹੇ ਹਨ ਤੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ। ਵਾਦੀ ’ਚ ਅਜਿਹੇ ਮਾਮਲਿਆਂ ਤੋਂ ਵੱਖਵਾਦੀਆਂ ਵੱਲੋਂ ਲਾਹਾ ਲਏ ਜਾਣ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਸੱਚਾਈ ਨੂੰ ਉਜਾਗਰ ਕਰਨ ਲਈ ਮੀਡੀਆ ਦੀ ਭੂਮਿਕਾ ਅਹਿਮ ਹੈ। ਇਸ ਦੌਰਾਨ ਜਨਰਲ ਰਾਵਤ ਨੇ ਹਥਿਆਰਬੰਦ ਬਲਾਂ ਨੂੰ ਡੋਕਲਾਮ ਸਮੇਤ ਮੁਲਕ ਦੀਆਂ ਸਰਹੱਦਾਂ ਅਤੇ ਹੋਰ ਇਲਾਕਿਆਂ ’ਚ ਸੁਰੱਖਿਆਂ ਚੁਣੌਤੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Facebook Comments

POST A COMMENT.

Enable Google Transliteration.(To type in English, press Ctrl+g)