‘ਮਿਜ਼ਾਈਲ ਮੈਨ’ ਨੂੰ ਜਨਮਦਿਨ ’ਤੇ ਕੀਤਾ ਯਾਦ

sand-artist

ਨਵੀਂ ਦਿੱਲੀ, 15 ਅਕਤੂਬਰ (ਏਜੰਸੀ) : ਭਾਰਤ ਦੇ ‘ਮਿਜ਼ਾਈਲ ਮੈਨ’ ਵਜੋਂ ਜਾਣੇ ਜਾਂਦੇ ਏ ਪੀ ਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਅੱਜ ਯਾਦ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਮਹਾਨ ਦੂਰਦਰਸ਼ੀ ਕਰਾਰ ਦਿੱਤਾ ਜਿਨ੍ਹਾਂ ਨੌਜਵਾਨਾਂ ਅੰਦਰ ਚਿਣਗ ਪੈਦਾ ਕੀਤੀ। ਰਾਮੇਸ਼ਵਰਮ ਤੋਂ ਰਾਸ਼ਟਰਪਤੀ ਭਵਨ ਪੁੱਜੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਸ੍ਰੀ ਕਲਾਮ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਸਲਾਮ ਕੀਤਾ। ਇਹ ਬੱਚੇ ‘ਡਾਕਟਰ ਕਲਾਮ ਸੰਦੇਸ਼ ਵਾਹਿਨੀ ਵਿਜ਼ਨ 2010’ ਬੱਸ ਰਾਹੀਂ ਇਥੇ ਪੁੱਜੇ ਸਨ। ਰਾਸ਼ਟਰਪਤੀ ਨੇ ਕਿਹਾ,‘‘ਕਿਸੇ ਵੀ ਮੁਲਕ ਦੇ ਨੌਜਵਾਨਾਂ ਦੇ ਕਿਰਦਾਰ ਦੀ ਉਸਾਰੀ ਦਾ ਸਭ ਤੋਂ ਵਧੀਆ ਰਾਹ ਹੁੰਦਾ ਹੈ ਕਿ ਉਨ੍ਹਾਂ ਨੂੰ ਮਹਾਨ ਹਸਤੀਆਂ ਦੀਆਂ ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਇਨ੍ਹਾਂ ਹਸਤੀਆਂ ’ਚ ਡਾਕਟਰ ਕਲਾਮ ਦਾ ਨਾਮ ਵੀ ਸ਼ੁਮਾਰ ਹੈ ਜਿਨ੍ਹਾਂ ਨੂੰ ਲੋਕਾਂ ਦੇ ਰਾਸ਼ਟਰਪਤੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ।’’

ਸ੍ਰੀ ਕੋਵਿੰਦ ਨੇ ਕਿਹਾ ਕਿ ਡਾਕਟਰ ਕਲਾਮ ਨੇ ਪਰਮਾਣੂ ਤਕਨਾਲੋਜੀ ਤੋਂ ਲੈ ਕੇ ਘੱਟ ਮੁੱਲ ਵਾਲੇ ਸਟੈਂਟਾਂ ਦਾ ਡਿਜ਼ਾਈਨ ਤਿਆਰ ਕਰਨ ਜਾਂ ਪੋਲੀਓ ਪੀੜਤਾਂ ਲਈ ਬਿਲਕੁਲ ਹਲਕੇ ਬਣਾਉਟੀ ਅੰਗ ਤਿਆਰ ਕਰਨ ਸਮੇਤ ਹੋਰ ਖੇਤਰਾਂ ’ਚ ਵੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਕਲਾਮ ਲੋਕਾਂ ’ਚ ਵਿਚਰਨਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਜ਼ਿਆਦਾ ਪਿਆਰ ਸੀ ਅਤੇ ਜ਼ਿੰਦਗੀ ਦੇ ਆਖਰੀ ਪਲ ਵੀ ਉਨ੍ਹਾਂ ਵਿਚਕਾਰ ਹੀ ਬਿਤਾਏ। ਰਾਸ਼ਟਰਪਤੀ ਨੇ ਕਿਹਾ ਕਿ ਕਲਾਮ ਸੰਦੇਸ਼ ਵਾਹਿਨੀ ਬੱਸ ਸਾਬਕਾ ਰਾਸ਼ਟਰਪਤੀ ਦੀ ਕਹਾਣੀ ਨੂੰ ਦਿਲਚਸਪ ਢੰਗ ਨਾਲ ਬਿਆਨ ਕਰਦੀ ਹੈ।

ਇਸ ਤੋਂ ਪਹਿਲਾਂ ਸ੍ਰੀ ਕੋਵਿੰਦ ਨੇ ਰਾਸ਼ਟਰਪਤੀ ਭਵਨ ’ਚ ਡਾਕਟਰ ਕਲਾਮ ਦੇ ਚਿੱਤਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਅਧਿਕਾਰੀਆਂ ਅਤੇ ਡਾਕਟਰ ਕਲਾਮ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਹੋਇਆ ਸੀ ਅਤੇ 27 ਜੁਲਾਈ 2015 ਨੂੰ ਉਹ ਵਿਛੋੜਾ ਦੇ ਗਏ ਸਨ। ਉਹ ਸਾਲ 2002 ਤੋਂ 2007 ਦੌਰਾਨ ਮੁਲਕ ਦੇ ਰਾਸ਼ਟਰਪਤੀ ਰਹੇ।

Facebook Comments

POST A COMMENT.

Enable Google Transliteration.(To type in English, press Ctrl+g)