ਸਿਆਸੀ ਦਲਾਂ ਦੀ ਕਾਰਗੁਜ਼ਾਰੀ ਪਰਖੀ ਜਾਵੇ : ਮੋਦੀ


ਨਵੀਂ ਦਿੱਲੀ, 28 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ’ਤੇ ਬਹਿਸ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਲਕ ਦੇ ਭਵਿੱਖ ਲਈ ਪਾਰਟੀਆਂ ਅੰਦਰ ‘ਅਸਲ ਜਮਹੂਰੀ ਜਜ਼ਬੇ’ ਦਾ ਵਿਕਾਸ ਹੋਣਾ ਜ਼ਰੂਰੀ ਹੈ। ਭਾਜਪਾ ਦੇ ਹੈੱਡਕੁਆਰਟਰ ਉਤੇ ‘ਦੀਵਾਲੀ ਮਿਲਣ’ ਸਮਾਗਮ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਨੂੰ ਫੰਡਾਂ ਦੇ ਮਸਲੇ ’ਤੇ ਅਕਸਰ ਬਹਿਸ ਹੁੰਦੀ ਹੈ ਪਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ, ਵਿਚਾਰਧਾਰਾ, ਅੰਦਰੂਨੀ ਜਮਹੂਰੀਅਤ ਅਤੇ ਉਨ੍ਹਾਂ ਵੱਲੋਂ ਨਵੀਂ ਉਮਰ ਦੇ ਆਗੂਆਂ ਨੂੰ ਕਿਵੇਂ ਮੌਕੇ ਦਿੱਤੇ ਜਾਂਦੇ ਹਨ ਬਾਰੇ ਕੋਈ ਗੱਲ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਪਾਰਟੀਆਂ ਅੰਦਰਲੀ ਜਮਹੂਰੀਅਤ ਬਾਰੇ ਦੇਸ਼ ਬਹੁਤਾ ਜਾਗਰੂਕ ਨਹੀਂ ਹੈ ਅਤੇ ਮੀਡੀਆ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ, ‘ਭਾਵੇਂ ਲੋਕਤੰਤਰੀ ਕਦਰਾਂ-ਕੀਮਤਾਂ ਉਨ੍ਹਾਂ (ਪਾਰਟੀਆਂ) ਦੀ ਬੁਨਿਆਦ ਹੋਣ ਜਾਂ ਨਾ ਪਰ ਇਸ ’ਤੇ ਵੱਡੇ ਪੱਧਰ ਉਤੇ ਬਹਿਸ ਹੋਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਰਾਜਸੀ ਪਾਰਟੀਆਂ ਅੰਦਰ ਅਸਲ ਜਮਹੂਰੀ ਭਾਵਨਾ ਦਾ ਵਿਕਾਸ ਕੇਵਲ ਮੁਲਕ ਦੇ ਭਵਿੱਖ ਲਈ ਹੀ ਨਹੀਂ ਬਲਕਿ ਲੋਕਤੰਤਰ ਲਈ ਵੀ ਜ਼ਰੂਰੀ ਹੈ।’ ਪ੍ਰਧਾਨ ਮੰਤਰੀ ਨੇ ਭਾਵੇਂ ਕਿਸੇ ਵੀ ਵਿਰੋਧੀ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੀਆਂ ਇਹ ਟਿੱਪਣੀਆਂ ਕਾਂਗਰਸ ਵੱਲੋਂ ਆਪਣੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਦੀ ਜਗ੍ਹਾ ਪਾਰਟੀ ਪ੍ਰਧਾਨ ਬਣਾਉਣ ਦੀਆਂ ਰਿਪੋਰਟਾਂ ’ਤੇ ਟਕੋਰ ਵਜੋਂ ਦੇਖੀਆਂ ਜਾ ਰਹੀਆਂ ਹਨ।

ਭਾਜਪਾ ਵੱਲੋਂ ਅਕਸਰ ਕਾਂਗਰਸ ਉਤੇ ਵੰਸ਼ਵਾਦੀ ਸਿਆਸਤ ਕਰਨ ਦਾ ਦੋਸ਼ ਲਾਇਆ ਜਾਂਦਾ ਹੈ। ਸ੍ਰੀ ਮੋਦੀ ਨੇ ਮੰਨਿਆ ਕਿ ਭਾਜਪਾ ਵਿੱਚ ਕਿਸੇ ਮਸਲੇ ਉਤੇ ਵੱਖ ਵੱਖ ਵਿਚਾਰ ਹੋ ਸਕਦੇ ਹਨ। ਇਹ ਵਖਰੇਵੇਂ ਉਦੋਂ ਵੀ ਰਹੇ ਸਨ ਜਦੋਂ ਇਹ ਛੋਟੀ ਜਥੇਬੰਦੀ ਸੀ ਅਤੇ ਜਨ ਸੰਘ ਸਮੇਂ ਵੀ ਰਹੇ ਸਨ ਪਰ ਇਸ ਪਾਰਟੀ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਕੇਂਦਰੀ ਲੀਡਰਸ਼ਿਪ ਤਕ ‘ਵਿਚਾਰਧਾਰਕ ਸਾਂਝ’ ਰਹੀ ਹੈ। ਪਾਰਟੀ ਦੇ ਫੈਲਾਅ ਪਿੱਛੇ ਵੱਖ ਵੱਖ ਵਿਚਾਰਾਂ ਦਾ ਯੋਗਦਾਨ ਹੋ ਸਕਦਾ ਹੈ। ਉਨ੍ਹਾਂ ਨੇ ‘ਸਵੱਛ ਭਾਰਤ’ ਪ੍ਰਾਜੈਕਟ ਦੇ ਸਮਰਥਨ ਲਈ ਮੀਡੀਆ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਮੀਡੀਆ ਨੂੰ ਇਕ ਦੂਜੇ ਤੋਂ ਉਮੀਦਾਂ ਅਤੇ ਇਕ ਦੂਜੇ ਨਾਲ ਸ਼ਿਕਵੇ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਵਖਰੇਵਿਆਂ ਦੇ ਬਾਵਜੂਦ ਖੁਸ਼ੀ ਖੁਸ਼ੀ ਇਕੱਠੇ ਤੁਰਨਾ ਪੈਂਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿਆਸੀ ਦਲਾਂ ਦੀ ਕਾਰਗੁਜ਼ਾਰੀ ਪਰਖੀ ਜਾਵੇ : ਮੋਦੀ