ਗੁਰਦਾਸਪੁਰ ਚੋਣ : ਸਿਰਫ਼ 56 ਫ਼ੀ ਸਦੀ ਹੋਈ ਪੋਲਿੰਗ

election-commission-evm

ਚੰਡੀਗੜ੍ਹ/ਗੁਰਦਾਸਪੁਰ, 11 ਅਕਤੂਬਰ (ਏਜੰਸੀ) : ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣ ਦਾ ਕੰਮ ਅੱਜ ਸ਼ਾਮ ਸ਼ਾਂਤੀ ਨਾਲ ਪੂਰਾ ਹੋ ਗਿਆ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਦਸਿਆ ਕਿ 1781 ਪੋਲਿੰਗ ਬੂਥਾਂ ਵਿਚੋਂ ਕਿਸੇ ਇਕ ‘ਤੇ ਵੀ ਹਿੰਸਾ ਜਾਂ ਝੜਪ ਨਹੀਂ ਹੋਈ, ਸਿਰਫ਼ ਇਕ-ਦੋ ਥਾਵਾਂ ਤੋਂ ਸ਼ਿਕਾਇਤ ਮਿਲੀ ਸੀ ਜੋ ਜਾਂਚ ਉਪਰੰਤ ਠੀਕ ਪਾਇਆ ਗਿਆ। ਮੁੱਖ ਚੋਣ ਦਫ਼ਤਰ ਵਿਚ ਪਹੁੰਚੀ ਜਾਣਕਾਰੀ ਮੁਤਾਬਕ ਸਿਰਫ਼ ਪਾਹੜਾ ਪਿੰਡ ਦੇ ਪੋਲਿੰਗ ਬੂਥ ‘ਤੇ ਹੀ ਸ਼ਾਮ ਛੇ ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਦਾ ਕੰਮ ਜਾਰੀ ਰਿਹਾ ਅਤੇ 1700 ਬੂਥਾਂ ‘ਤੇ ਪੋਲਿੰਗ ਸਟੇਸ਼ਨ ਦੇ ਬਾਹਰ ਕੋਈ ਵੀ ਲਾਈਨ ਨਹੀਂ ਲੱਗੀ।

ਵੀ.ਕੇ. ਸਿੰਘ ਨੇ ਦਸਿਆ ਕਿ ਭਾਵੇਂ ਅੰਕੜੇ ਅਜੇ ਇਕੱਠੇ ਕੀਤੇ ਜਾ ਰਹੇ ਹਨ ਪਰ ਅੰਦਾਜ਼ਾ ਇਹ ਹੈ ਕਿ 56 ਫ਼ੀ ਸਦੀ ਤਕ ਪੋਲਿੰਗ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ‘ਤੇ 2014 ਦੀਆਂ ਆਮ ਚੋਣਾਂ ਵਿਚ 68.22 ਫ਼ੀ ਸਦੀ ਅਤੇ ਪਿਛਲੀਆਂ ਅਸੈਂਬਲੀ ਚੋਣਾਂ ਦੌਰਾਨ ਇਸ ਸੀਟ ਦੇ 9 ਹਲਕਿਆਂ ਦੀ ਫ਼ੀ ਸਦੀ 76.26 ਰਹੀ ਸੀ। ਇਸ ਘੱਟ ਪੋਲਿੰਗ ਨੇ ਸੱਤਾਧਾਰੀ ਕਾਂਗਰਸ ਨੂੰ ਚਿੰਤਾ ਵਿਚ ਪਾ ਦਿਤਾ ਹੈ। ਸਿਆਸੀ ਮਾਹਰਾਂ ਤੇ ਸਿਰਕੱਢ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਜਿੱਤ ਦਾ ਫ਼ਰਕ ਆਸ ਮੁਤਾਬਕ ਜ਼ਿਆਦਾ ਨਹੀਂ ਰਹੇਗਾ।

ਉਨ੍ਹਾਂ ਦਾ ਇਹ ਵੀ ਅੰਦਾਜ਼ਾ ਹੈ ਕਿ ਵੋਟਰਾਂ ਵਿਚ ਜ਼ੋਸ ਮੱਠਾ ਇਸ ਕਰ ਕੇ ਵੀ ਰਿਹਾ ਕਿਉਂਕਿ ਝੋਨੇ ਦੀ ਖ਼ਰੀਦ ਤੇ ਵੇਚ ਦਾ ਸੀਜ਼ਨ ਹੈ, ਕਿਸਾਨ, ਮਜ਼ਦੂਰ, ਵਰਕਰ ਤੇ ਹੋਰ ਸਟਾਫ਼, ਮੰਡੀਕਰਨ ਵਿਚ ਲੱਗੀਆਂ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਕੋਈ ਬਹੁਤੀ ਦਿਲਚਸਪੀ ਨਹੀਂ ਸੀ। ਚੋਣ ਕਮਿਸ਼ਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਵੋਟਾਂ ਵਾਲੀਆਂ ਸਾਰੀਆਂ ਮਸ਼ੀਨਾਂ ਭਾਰੀ ਸੁਰੱਖਿਆ ਹੇਠ ਪਠਾਨਕੋਟ ਦੇ ਆਰਐਸਡੀ ਕਾਲਜ ਦੀ ਬਿਲਡਿੰਗ ਅਤੇ ਗੁਰਦਾਸਪੁਰ ਦੇ ਸੁਖਜਿੰਦਰ ਗਰੁਪ ਆਫ਼ ਇੰਸਟੀਚਿਊਟ ਦੀ ਇਮਾਰਤ ਵਿਚ ਰਾਤ ਤਕ ਪਹੁੰਚਾਈਆਂ ਜਾ ਰਹੀਆਂ ਹਨ।

ਪਠਾਨਕੋਟ, ਭੋਆ ਤੇ ਸੁਜਾਨਪੁਰ ਹਲਕੇ ਦੀਆਂ ਸੀਲਬੰਦ ਮਸ਼ੀਨਾਂ ਪਠਾਨਕੋਟ ਬਿਲਡਿੰਗ ਅਤੇ ਬਾਕੀ 6 ਹਲਕਿਆਂ ਡੇਰਾ ਬਾਬਾ ਨਾਨਕ, ਦੀਨਾਨਗਰ, ਕਾਦੀਆਂ, ਬਟਾਲਾ, ਫ਼ਤਿਹਗੜ੍ਹ ਅਤੇ ਗੁਰਦਾਸਪੁਰ ਦੀਆਂ ਮਸ਼ੀਨਾਂ ਗੁਰਦਾਸਪੁਰ ਬਿਲਡਿੰਗ ਵਿਚ ਰਖੀਆਂ ਜਾਣਗੀਆਂ। ਇਨ੍ਹਾਂ ਦੋ ਗਿਣਤੀ ਕੇਂਦਰਾਂ ਤੇ ਵੋਟਾਂ ਦੀ ਗਿਣਤੀ 15 ਅਕਤੂਬਰ ਐਤਵਾਰ ਸਵੇਰੇ 8:00 ਵਜੇ ਹੋਵੇਗੀ।

ਇਥੇ ਇਹ ਵੀ ਦਸਣਾ ਬਣਦਾ ਹੈ ਕਿ ਕੁਲ 11 ਉਮੀਦਵਾਰ ਮੈਦਾਨ ਵਿਚ ਸਨ ਜਿਨ੍ਹਾਂ ਵਿਚ ਮੁੱਖ ਸੱਤਾਧਾਰੀ ਕਾਂਗਰਸ ਤੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰ ਵਿਚ ਸੱਤਾਧਾਰੀ ਭਾਜਪਾ ਦੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੇਵਾਮੁਕਤ ਜਰਨੈਲ ਸੁਰੇਸ਼ ਖਜੂਰੀਆ ਸ਼ਾਮਲ ਹਨ।ਗੁਰਦਾਸਪੁਰ ਲੋਕ ਸਭਾ ਸੀਟ ਦੇ ਕੁਲ 15,23000 ਵੋਟਰ ਹਨ ਜਿਨ੍ਹਾਂ ਲਈ 1781 ਪੋਲਿੰਗ ਬੂਥ ਬਣਾਏ ਗਏ ਸਨ ਅਤੇ 3500 ਦੇ ਕਰੀਬ ਵੋਟਿੰਗ ਮਸ਼ੀਨਾਂ ਵਿਚ 3241 ਵਿਚ ਵੀਵੀਪੈਟ ਦਾ ਪ੍ਰਬੰਧ ਸੀ। ਸੁਰੱਖਿਆ ਬਲਾਂ ਦੀਆਂ ਕੁਲ 50 ਕੰਪਨੀਆਂ ਤੈਨਾਤ ਸਨ ਅਤੇ ਪੰਜਾਬ ਪੁਲਿਸ ਦਾ ਵੀ ਪੁਖਤਾ ਪ੍ਰਬੰਧ ਸੀ।

Facebook Comments

POST A COMMENT.

Enable Google Transliteration.(To type in English, press Ctrl+g)