ਅਪਾਹਜ ਹੋਇਆ ਅਰਥਚਾਰਾ : ਰਾਹੁਲ


ਨਵੀਂ ਦਿੱਲੀ, 26 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੋਟਬੰਦੀ ਅਤੇ ਜੀ.ਐਸ.ਟੀ. ਦਾ ਦੋਹਰਾ ਵਾਰ ਕੀਤਾ ਜਿਸ ਨਾਲ ਭਾਰਤ ਦਾ ਅਰਥਚਾਰਾ ਅਪਾਹਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਾਗੂ ਕਰ ਕੇ ‘ਟੈਕਸ ਅਤਿਵਾਦ ਦੀ ਸੁਨਾਮੀ’ ਲਿਆਂਦੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਜੀ.ਐਸ.ਟੀ. ‘ਚ ਸੁਧਾਰ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਜੀ.ਐਸ.ਟੀ. ਕਰ ਕੇ ਦੇਸ਼ ਦੇ ਉਦਯੋਗ-ਵਪਾਰ ਖੇਤਰ ਬੇਹਾਲ ਹੋ ਗਏ ਹਨ ਜਦਕਿ ਵਿੱਤ ਮੰਤਰੀ ਅਰੁਣ ਜੇਤਲੀ ਕਹਿ ਰਹੇ ਹਨ ਕਿ ਸੱਭ ਕੁੱਝ ਠੀਕ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੱਭ ਤੋਂ ਜ਼ਿਆਦਾ ਜ਼ਰੂਰਤ ਦੇਸ਼ ‘ਚ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਹੈ। ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੱਲਾਸ਼ੇਰੀ ਦੇ ਕੇ ਦੇਸ਼ ‘ਚ ਰੁਜ਼ਗਾਰ ਦੇ ਮੌਕੇ ਸਿਰਜਤ ਕੀਤੇ ਜਾਣਗੇ।ਰਾਹੁਲ ਨੇ ਅੱਜ ਇਥੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਾਲਾਨਾ ਸੰਮੇਲਨ ਦੇ ਸਮਾਪਤੀ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਉਤੇ ਤਿੱਖੇ ਹਮਲੇ ਕੀਤੇ। ਕਾਲੇ ਧਨ ਨੂੰ ਬਾਹਰ ਲਿਆਉਣ ਲਈ ਨੋਟਬੰਦੀ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀ ਨਕਦੀ ਕਾਲੀ ਨਹੀਂ ਹੁੰਦੀ ਅਤੇ ਹਰ ਤਰ੍ਹਾਂ ਦਾ ਕਾਲਾ ਧਨ ਨਕਦ ਨਹੀਂ ਹੁੰਦਾ। ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਨੇ ਅਪਣੀਆਂ ਤਾਕਤਾਂ ਦਾ ਪ੍ਰਯੋਗ ਚੌੜੀ ਛਾਤੀ ਪਰ ਛੋਟੇ ਦਿਲ ਨਾਲ ਕੀਤਾ।”

ਉਨ੍ਹਾਂ ਅੱਗੇ ਕਿਹਾ, ”ਪ੍ਰਧਾਨ ਮੰਤਰੀ ਨੇ ਦੋਹਰਾ ਵਾਰ ਕੀਤਾ। ਬਹੁਤ ਛੇਤੀ, ਬਹੁਤ ਨੇੜਿਉਂ ਤਾਕਿ ਯਕੀਨੀ ਹੋ ਸਕੇ ਕਿ ਨਿਸ਼ਾਨਾ ਢੇਰ ਹੋ ਜਾਵੇ। ਇਸ ਨਾਲ ਸਾਡਾ ਅਰਥਚਾਰਾ ਅਪਾਹਜ ਹੋ ਗਿਆ।”ਦੇਸ਼ ‘ਚ ਉਦਯੋਗ ਅਤੇ ਵਪਾਰ ਦੇ ਮਾਹੌਲ ਦੀ ਚਰਚਾ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਵਪਾਰ ਭਰੋਸੇ ਉਤੇ ਚਲਦਾ ਹੈ ਅਤੇ ਮੌਜੂਦਾ ਸਰਕਾਰ ਉਤੇ ਭਰੋਸਾ ਖ਼ਤਮ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸਰਕਾਰ ਹਰ ਵਿਅਕਤੀ ਨੂੰ ਚੋਰ ਮੰਨਦੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੀਆਂ ਗੱਲਾਂ ਸੁਣ ਕੇ ਹੀ ਭਰੋਸਾ ਵਧਦਾ ਹੈ। ਪਰ ਅੱਜ ਸਰਕਾਰ ‘ਚ ਕੋਈ ਵੀ ਵਿਅਕਤੀ ਲੋਕਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ।

ਉਨ੍ਹਾਂ ਕਿਹਾ ਕਿ ‘ਸਟਾਰਟ ਅੱਪ ਇੰਡੀਆ’ ਨਾਲ ‘ਸ਼ੱਟ ਅੱਪ ਇੰਡੀਆ’ ਨਹੀਂ ਚੱਲ ਸਕਦਾ। ਸਰਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਤੁਹਾਡੀ ਗੱਲ ਸੁਣੇ, ਤੁਹਾਡੇ ਉਤੇ ਭਰੋਸਾ ਕਰੇ। ਉਨ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਉਤੇ ਵੀ ਹਮਲਾ ਕਰਦਿਆਂ ਕਿਹਾ ਕਿ ਵਪਾਰ ਡੁੱਬ ਰਹੇ ਹਨ ਜਦਕਿ ਜੇਤਲੀ ਹਰ ਦਿਨ ਕਹਿੰਦੇ ਰਹਿੰਦੇ ਹਨ ਕਿ ਸੱਭ ਠੀਕ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਪਾਹਜ ਹੋਇਆ ਅਰਥਚਾਰਾ : ਰਾਹੁਲ