ਬੋਫ਼ੋਰਸ ਮਾਮਲਾ ਜਾਸੂਸ ਹਰਸ਼ਮੈਨ ਦੇ ਦਾਅਵਿਆਂ ਉਤੇ ਵਿਚਾਰ ਕਰੇਗੀ ਸੀ.ਬੀ.ਆਈ.

central-bureau-of-investigation-cbi

ਨਵੀਂ ਦਿੱਲੀ, 18 ਅਕਤੂਬਰ (ਏਜੰਸੀ) : ਸੀ.ਬੀ.ਆਈ. ਨੇ ਅੱਜ ਕਿਹਾ ਕਿ ਉਹ ਨਿਜੀ ਜਾਸੂਸ ਮਾਈਕਲ ਹਰਸ਼ਮੈਨ ਦੇ ਦਾਅਵਿਆਂ ਅਨੁਸਾਰ ਬੋਫ਼ੋਰਸ ਘਪਲੇ ਦੇ ਤੱਥਾਂ ਅਤੇ ਸਥਿਤੀਆਂ ਉਤੇ ਵਿਚਾਰ ਕਰੇਗੀ। ਹਰਸ਼ਮੈਨ ਨੇ ਦੋਸ਼ ਲਾਇਆ ਹੈ ਕਿ ਮਰਹੂਮ ਕਾਂਗਰਸ ਆਗੂ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਉਸ ਦੀ ਜਾਂਚ ‘ਚ ਰੋੜੇ ਅਟਕਾਏ ਸਨ। ਅਮਰੀਕਾ ਸਥਿਤ ਨਿਜੀ ਜਾਸੂਸ ਏਜੰਸੀ ਫ਼ੇਅਰਫ਼ੈਕਸ ਦੇ ਮੁਖੀ ਹਰਸ਼ਮੈਨ ਨੇ ਪਿੱਛੇ ਜਿਹੇ ਟੀ.ਵੀ. ਚੈਨਲਾਂ ਨੂੰ ਦਿਤੇ ਇੰਟਰਵਿਊ ‘ਚ ਦਾਅਵਾ ਕੀਤਾ ਕਿ ਰਾਜੀਵ ਗਾਂਧੀ ਨੂੰ ਜਦੋਂ ਸਵਿੱਸ ਬੈਂਕ ਖਾਤੇ ਮੋਂਟ ਬਲੈਂਕ ਬਾਰੇ ਪਤਾ ਲਗਿਆ ਸੀ ਤਾਂ ਉਹ ਕਾਫ਼ੀ ਗੁੱਸੇ ‘ਚ ਸਨ।

ਨਿਜੀ ਜਾਸੂਸਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਨ ਲਈ ਪਿਛਲੇ ਹਫ਼ਤੇ ਇੱਥੇ ਆਏ ਹਰਸ਼ਮੈਨ ਨੇ ਇਹ ਦੋਸ਼ ਵੀ ਲਾਇਆ ਸੀ ਕਿ ਬੋਫ਼ੋਰਸ ਤੋਪ ਸਕੈਂਡਲ ਦੀ ਰਿਸ਼ਵਤ ਦਾ ਪੈਸਾ ਇਕ ਸਵਿੱਸ ਬੈਂਕ ਦੇ ਖਾਤੇ ‘ਚ ਰਖਿਆ ਗਿਆ ਸੀ। ਸੀ.ਬੀ.ਆਈ. ਦੇ ਸੂਚਨਾ ਅਧਿਕਾਰੀ ਅਤੇ ਬੁਲਾਰੇ ਅਭਿਸ਼ੇਕ ਦਿਆਲ ਨੇ ਇਕ ਬਿਆਨ ‘ਚ ਕਿਹਾ ਕਿ ਏਜੰਸੀ ਨੂੰ ਬੋਫ਼ੋਰਸ ਨਾਲ ਜੁੜੇ ਮਾਮਲੇ ਬਾਰੇ ਕੁੱਝ ਟੀ.ਵੀ. ਚੈਨਲਾਂ ਉਤੇ ਮਾਈਕਲ ਹਰਸ਼ਮੈਨਦੇ ਇੰਟਰਵਿਊ ਤੋਂ ਪਤਾ ਲਗਿਆ। ਉਨ੍ਹਾਂ ਕਿਹਾ ਕਿ ਇੰਟਰਵਿਊ ‘ਚ ਜਿਨ੍ਹਾਂ ਤੱਥਾਂ ਅਤੇ ਸਥਿਤੀਆਂ ਦਾ ਜ਼ਿਕਰ ਕੀਤਾ ਗਿਆ ਹੈ, ਸੀ.ਬੀ.ਆਈ. ਉਚਿਤ ਪ੍ਰਕਿਰਿਆ ਤਹਿਤ ਉਨ੍ਹਾਂ ਉਤੇ ਵਿਚਾਰ ਕਰੇਗੀ।

ਹੈਸ਼ਮੈਨ ਨੇ ਕਿਹਾ ਕਿ ਤਤਕਾਲੀ ਵਿੱਤ ਮੰਤਰੀ ਵੀ.ਪੀ. ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਸਰਕਾਰ ‘ਚ ਚਲ ਰਹੀ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ ਦਾ ਕੰਮ) ਦੀ ਜਾਂਚ ਕਰਨ ਨੂੰ ਕਿਹਾ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਬੈਂਕ ਆਫ਼ ਕ੍ਰੈਡਿਟ ਐਂਡ ਕਾਮਰਸ ਇੰਟਰਨੈਸ਼ਨਲ (ਬੀ.ਸੀ.ਸੀ.ਆਈ.) ਦੇ ਖਾਤੇ ‘ਚ ਬੇਨਿਯਮੀਆਂ ਦੀ ਗੱਲ ਸਾਹਮਣੇ ਆਈ। ਬੀ.ਸੀ.ਸੀ.ਆਈ. ਦੀ ਸਥਾਪਨਾ 1972 ‘ਚ ਇਕ ਪਾਕਿਸਤਾਨੀ ਨਾਗਰਿਕ ਨੇ ਕੀਤੀ ਸੀ।

ਟੀ.ਵੀ. ਚੈਨਲਾਂ ਨੇ ਹਰਸ਼ਮੈਨ ਦੇ ਹਵਾਲੇ ਨਾਲ ਦਸਿਆ ਸੀ ਕਿ ਰਾਜੀਵ ਗਾਂਧੀ ਨੂੰ ਜਦੋਂ ਉਨ੍ਹਾਂ ਦੇ ਕੰਮ ਬਾਰੇ ਪਤਾ ਲਗਿਆ ਤਾਂ ਉਹ ਬਹੁਤ ਨਿਰਾਸ਼ ਹੋਏ। ਇਸ ਤੋਂ ਬਾਅਦ ਉਨ੍ਹਾਂ ਇਕ ਕਾਨੂੰਨੀ ਕਮਿਸ਼ਨ ਦਾ ਗਠਨ ਕੀਤਾ ਤਾਕਿ ਤਤਕਾਲੀ ਵਿੱਤ ਮੰਤਰੀ ਵੀ.ਪੀ. ਸਿੰਘ ਵਲੋਂ ਫ਼ੇਅਰਫ਼ੈਕਸ ਦੀਆਂ ਸੇਵਾਵਾਂ ਲੈਣ ਦੀਆਂ ਸਥਿਤੀਆਂ ਦੀ ਜਾਂਚ ਕੀਤੀ ਜਾ ਸਕੇ। ਅਪਣੇ ਇੰਟਰਵਿਊ ‘ਚ ਹਰਸ਼ਮੈਨ ਨੇ 64 ਕਰੋੜ ਰੁਪਏ ਦੇ ਬੋਫ਼ੋਰਸ ਕਮਿਸ਼ਨਖੋਰੀ ਸਕੈਂਡਲ ‘ਤੇ ਭਾਰਤੀ ਏਜੰਸੀਆਂ ਦੀ ਮਦਦ ਕਰਨ ਅਤੇ ਗਵਾਹੀ ਦੇਣ ਦੀ ਇੱਛਾ ਜ਼ਾਹਰ ਕੀਤੀ ਪਰ ਇਹ ਵੀ ਕਿਹਾ ਕਿ ਇਹ ਕੋਸ਼ਿਸ਼ ਭਰੋਸੇਮੰਦ ਹੋਣੀ ਚਾਹੀਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)