ਹਾਈ ਕੋਰਟ ਵੱਲੋਂ ਤਲਵਾਰ ਜੋੜੀ ਬਰੀ

Filmmaker-to-offer-Rs-5cr-to-Talwars-for-book,-film-on-Aarushi

ਅਲਾਹਾਬਾਦ, 12 ਅਕਤੂਬਰ (ਏਜੰਸੀ) : ਅਲਾਹਾਬਾਦ ਹਾਈ ਕੋਰਟ ਨੇ ਅੱਜ ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਆਪਣੀ ਧੀ ਆਰੁਸ਼ੀ (14) ਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਾ ਤਾਂ ਹਾਲਾਤ ਅਤੇ ਨਾ ਸਬੂਤ ਕਾਫ਼ੀ ਹਨ। ਇਸ ਫੈਸਲੇ ਨਾਲ ਹਾਲ ਦੀ ਘੜੀ ਮਾਪਿਆਂ ਦੀ ਨੌਂ ਸਾਲ ਲੰਮੀ ਔਖੀ ਘੜੀ ਦਾ ਅੰਤ ਹੋ ਗਿਆ। ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਵੱਲੋਂ 28 ਨਵੰਬਰ 2013 ਨੂੰ ਦਿੱਤੀ ਉਮਰ ਕੈਦ ਨੂੰ ਤਲਵਾਰ ਜੋੜੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ, ਜਿਸ ਨੂੰ ਜਸਟਿਸ ਬੀ.ਕੇ. ਨਾਰਾਇਣਨ ਅਤੇ ਏ.ਕੇ. ਮਿਸ਼ਰਾ ਦੀ ਅਦਾਲਤ ਨੇ ਮਨਜ਼ੂਰ ਕਰ ਲਿਆ। ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਤਲਵਾਰ ਜੋੜੀ ਨੂੰ ਭਲਕੇ ਕਾਗਜ਼ੀ ਕਾਰਵਾਈ ਤੋਂ ਬਾਅਦ ਗਾਜ਼ੀਆਬਾਦ ਦੀ ਦਾਸਨਾ ਜੇਲ੍ਹ ਵਿੱਚੋਂ ਛੱਡਣ ਦੀ ਸੰਭਾਵਨਾ ਹੈ।

ਸੀਬੀਆਈ ਨੇ ਹਾਈ ਕੋਰਟ ਦੇ ਫੈਸਲੇ ਬਾਰੇ ਅਪੀਲ ਕਰਨ ਬਾਰੇ ਫੌਰੀ ਕੁੱਝ ਨਹੀਂ ਕਿਹਾ। ਏਜੰਸੀ ਦਾ ਕਹਿਣਾ ਹੈ ਕਿ ਹੁਕਮ ਦੀ ਘੋਖ ਮਗਰੋਂ ਉਹ ਅਗਲੇ ਕਦਮ ਬਾਰੇ ਫੈਸਲਾ ਕਰੇਗੀ। ਫੈਸਲੇ ਤੋਂ ਬਾਅਦ ਨੁਪੁਰ ਤਲਵਾਰ ਦੇ ਪਿਤਾ ਬੀ.ਜੀ. ਚਿਟਨਿਸ ਨੇ ਕਿਹਾ ਕਿ ਨੌਂ ਸਾਲ ਚੱਲੇ ਕੇਸ ਨੇ ਤਲਵਾਰ ਜੋੜੀ ਨੂੰ ਭਾਵੁਕ ਤੌਰ ਉਤੇ ਤੋੜ ਕੇ ਰੱਖ ਦਿੱਤਾ। ਉਨ੍ਹਾਂ ਨੂੰ ਬਰੀ ਕਰਨ ਉਤੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਹਵਾਈ ਫੌਜ ਦੇ ਸਾਬਕਾ ਗਰੁੱਪ ਕੈਪਟਨ ਸ੍ਰੀ ਚਿਟਨਿਸ ਨੇ ਕਿਹਾ ਕਿ ਧੀ ਨੁਪੁਰ ਤੇ ਜਵਾਈ ਰਾਜੇਸ਼ ਨੂੰ ਸਲਾਖਾਂ ਪਿੱਛੇ ਦੇਖਣਾ ਬਹੁਤ ਮੁਸ਼ਕਲ ਸੀ। ਆਰੁਸ਼ੀ ਦੀ ਕਰੀਬੀ ਰਿਸ਼ਤੇਦਾਰ ਵੰਦਨਾ ਤਲਵਾਰ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਤਕਰੀਬਨ ਇਕ ਦਹਾਕੇ ਤੱਕ ਮੁਸ਼ਕਲਾਂ ਝੱਲਣੀਆਂ ਪਈਆਂ। ਉਨ੍ਹਾਂ ਫੈਸਲੇ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਆਰੁਸ਼ੀ ਤੇ ਨੌਕਰ ਹੇਮਰਾਜ ਨੂੰ ਕਿਸ ਨੇ ਮਾਰਿਆ? ਇਸ ਸਵਾਲ ਦਾ ਜਵਾਬ ਤਲਵਾਰ ਜੋੜੀ ਦੇ ਵਕੀਲ ਦੇਣਗੇ।

ਖਚਾਖਚ ਭਰੀ ਅਦਾਲਤ ਵਿੱਚ ਫੈਸਲੇ ਦਾ ਐਲਾਨ ਕਰਦਿਆਂ ਬੈਂਚ ਨੇ ਕਿਹਾ ਕਿ ਹਾਲਾਤ ਤੇ ਰਿਕਾਰਡ ਵਿੱਚ ਆਏ ਸਬੂਤਾਂ ਮੁਤਾਬਕ ਡਾਕਟਰ ਜੋੜੇ ਦੀ ਆਰੁਸ਼ੀ ਤੇ ਹੇਮਰਾਜ ਦੇ ਕਤਲਾਂ ਵਿੱਚ ਸ਼ਮੂਲੀਅਤ ਦੀਆਂ ਕੜੀਆਂ ਨਹੀਂ ਜੁੜ ਰਹੀਆਂ। ਅਦਾਲਤ ਨੇ ਸੀਬੀਆਈ ਅਦਾਲਤ ਦੇ ਤਲਵਾਰ ਜੋੜੀ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਬਿਨੈਕਾਰਾਂ ਨੂੰ ਸ਼ੱਕ ਦਾ ਲਾਭ ਦੇਣ ਲਈ ਢੁਕਵਾਂ ਮਾਮਲਾ ਹੈ।

ਦਾਸਨਾ ਜੇਲ੍ਹ ਦੇ ਜੇਲ੍ਹਰ ਡੀ. ਮੌਰਿਆ ਨੇ ਕਿਹਾ ਕਿ ਇਹ ਜੋੜੀ ਇਨਸਾਫ਼ ਹੋਇਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਸਵੇਰੇ ਰੋਟੀ ਖਾਣ ਤੋਂ ਬਾਅਦ ਪ੍ਰਾਰਥਨਾ ਕੀਤੀ ਅਤੇ ਨਿੱਤ ਦੇ ਕੰਮ ਨਿਬੇੜੇ। ਫੈਸਲੇ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ। ਤਲਵਾਰ ਜੋੜੀ ਦੀ ਵਕੀਲ ਰੇਬੈਕਾ ਜੌਹਨ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹੈ। ਇਹ ਪੂਰਾ ਕੇਸ ਤੋਹਮਤ ਉਤੇ ਆਧਾਰਤ ਸੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਜੋੜੀ ਨੂੰ ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਨਿੱਜਤਾ ਮਿਲੇਗਾ। ਜ਼ਿਕਰਯੋਗ ਹੈ ਕਿ ਮਈ 2008 ਵਿੱਚ ਤਲਵਾਰ ਜੋੜੀ ਦੇ ਨੋਇਡਾ ਸਥਿਤ ਘਰ ਵਿੱਚੋਂ ਆਰੁਸ਼ੀ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਵੱਢਿਆ ਗਿਆ ਸੀ। ਸ਼ੁਰੂ ਵਿੱਚ ਸ਼ੱਕ ਦੀ ਸੂਈ ਨੌਕਰ ਹੇਮਰਾਜ (45) ਵੱਲ ਘੁੰਮੀ, ਜਿਹੜਾ ਲਾਪਤਾ ਸੀ ਪਰ ਦੋ ਦਿਨ ਬਾਅਦ ਘਰ ਦੀ ਛੱਤ ਤੋਂ ਨੌਕਰ ਦੀ ਲਾਸ਼ ਵੀ ਬਰਾਮਦ ਹੋ ਗਈ।

Facebook Comments

POST A COMMENT.

Enable Google Transliteration.(To type in English, press Ctrl+g)