ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਚਿੰਤਾਜਨਕ : ਬਾਦਲ

Parkash-Singh-Badal

ਬਠਿੰਡਾ, 30 ਅਕਤੂਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਚਿੰਤਾਜਨਕ ਪੜਾਅ ’ਤੇ ਪੁੱਜ ਚੁੱਕੀ ਹੈ। ਉਨ੍ਹਾਂ ਪੰਜਾਬ ਵਿੱਚ ਆਏ ਦਿਨ ਹੋ ਰਹੇ ਕਤਲਾਂ ’ਤੇ ਅਫ਼ਸੋਸ ਪ੍ਰਗਟਾਇਆ। ਸਾਬਕਾ ਮੁੱਖ ਮੰਤਰੀ ਅੱਜ ਇੱਥੇ ਮੈਕਸ ਹਸਪਤਾਲ ਵਿੱਚ ਸਿਹਤ ਦੀ ਜਾਂਚ ਕਰਾਉਣ ਪੁੱਜੇ ਸਨ। ਇਸ ਮਗਰੋਂ ਉਨ੍ਹਾਂ ਆਖਿਆ ਕਿ ਸਰਕਾਰ ਅਮਨ-ਕਾਨੂੰਨ ਵਿਵਸਥਾ ਕਾਇਮ ਨਹੀਂ ਰੱਖ ਸਕੀ ਹੈ ਤੇ ਸੂਬੇ ਦਾ ਵਿਕਾਸ ਵੀ ਠੱਪ ਹੋ ਗਿਆ ਹੈ। ਪੰਜਾਬ ਸਰਕਾਰ ਇਨ੍ਹਾਂ ਦੋਵਾਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਸਕੀ ਹੈ।

ਸ੍ਰੀ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਹੁਣ ਪ੍ਰਾਈਵੇਟ ਥਰਮਲਾਂ ਦੇ ਮਾਮਲੇ ਦਾ ਰੌਲਾ ਪਾ ਕੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦਾ ‘ਗੁਨਾਹ’ ਛੁਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਸੱਚ ਇਹ ਹੈ ਕਿ ਸਰਕਾਰ ਇੱਕ ਪਾਸੇ ਬਿਜਲੀ ਦਰਾਂ, ਮਾਰਕੀਟ ਫੀਸ ਤੇ ਆਰਡੀਐਫ ਵਧਾ ਕੇ ਕਿਸਾਨਾਂ ਦੀ ਜੇਬ ’ਚੋਂ ਪੈਸਾ ਕੱਢ ਰਹੀ ਹੈ ਅਤੇ ਇਸ ਤਰ੍ਹਾਂ ਇੱਕ ਹੱਥ ਲੈ ਕੇ ਦੂਜੇ ਹੱਥ ਦੇ ਰਹੀ ਹੈ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਗੱਠਜੋੜ ਸਰਕਾਰ ਨੇ ਤਾਂ ਆਪਣੇ ਸਮੇਂ ਨਰਮੇ ਦੇ ਖ਼ਰਾਬੇ ਬਦਲੇ ਕਿਸਾਨਾਂ ਨੂੰ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਸੀ ਅਤੇ ਮਜ਼ਦੂਰਾਂ ਦੀ ਬਾਂਹ ਵੀ ਫੜੀ ਸੀ। ਸ੍ਰੀ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਆਖਿਆ ਕਿ ਵਿਧਾਇਕਾਂ ਦੇ ਕਹਿਣ ’ਤੇ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਆਖਿਆ ਕਿ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਸਿੰਘ ਦੇ ਮਾਮਲੇ ਵਿੱਚ ਕੋਈ ਕਾਹਲ ਨਹੀਂ ਹੈ ਤੇ ਪੁਲੀਸ ਕਾਰਵਾਈ ਦੀ ਉਡੀਕ ਕੀਤੀ ਜਾਵੇਗੀ।

ਸ੍ਰੀ ਬਾਦਲ ਨੇ ਆਖਿਆ ਕਿ ਪਰਮਿੰਦਰ ਸਿੰਘ ’ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਵਾਲ ਵਾਲ ਬਚ ਗਿਆ। ਉਨ੍ਹਾਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ,ਉਨ੍ਹਾਂ ਦੇ ਲੜਕੇ ਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਦਰਜ ਕੇਸ ਨੂੰ ਝੂਠਾ ਦੱਸਿਆ। ਦੱਸਣਯੋਗ ਹੈ ਕਿ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਕੋਲਿਆਂਵਾਲੀ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਛੁੱਟੀ ਮਗਰੋਂ ਉਹ ਆਪਣੇ ਪਿੰਡ ਕੋਲਿਆਂਵਾਲੀ ਚਲੇ ਗਏ ਹਨ। ਹਮਲੇ ਮਗਰੋਂ ਉਸ ਦੀ ਲੱਤ ਦਾ ਅਪਰੇਸ਼ਨ ਹੋਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)