ਕੈਪਟਨ ਦੇ ਰਾਜ ‘ਚ ਸੂਬੇ ਦੀ ਅਮਨ ਤੇ ਕਾਨੂੰਨ ਸਥਿਤੀ ਵਿਗੜੀ : ਬਾਦਲ

parkash-singh-badal

ਬਠਿੰਡਾ, 23 ਅਕਤੂਬਰ (ਏਜੰਸੀ) : ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਊਣ ਤੋਂ ਬਾਅਦ ਲਗਾਤਾਰ ਅਮਨ ਤੇ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ‘ਚ ਗੰਭੀਰ ਨਤੀਜੇ ਨਿਕਲਣਗੇ। ਇਹ ਦੋਸ਼ ਅੱਜ ਇਥੇ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ। ਸ. ਬਾਦਲ ਅਪਣੇ ਨਜ਼ਦੀਕੀ ਸਾਥੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਜੋ ਸਥਾਨਕ ਮੈਕਸ ਹਸਪਤਾਲ ‘ਚ ਦਾਖ਼ਲ ਹਨ, ਦਾ ਪਤਾ ਲੈਣ ਲਈ ਆਏ ਹੋਏ ਸਨ।

ਬੀਤੇ ਕਲ ਪਰਮਿੰਦਰ ਸਿੰਘ ਕੋਲਿਆਂਵਾਲੀ ਉਪਰ ਕਥਿਤ ਤੌਰ ‘ਤੇ ਹੋਏ ਹਮਲੇ ‘ਚ ਉਸ ਦੀ ਲੱਤ ਟੁੱਟ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਸਥਿਤ ਉਕਤ ਪ੍ਰਾਈਵੇਟ ਹਸਪਤਾਲ ਵਿਚ ਭੇਜਿਆ ਗਿਆ ਸੀ। ਕਰੀਬ ਤਿੰਨ ਘੰਟੇ ਇਸ ਹਸਪਤਾਲ ‘ਚ ਰਹੇ ਅਕਾਲੀ ਦਲ ਦੇ ਸਰਪ੍ਰਸਤ ਨੇ ਮਾਲਵਾ ਪੱਟੀ ਦੇ ਕੁੱਝ ਅਕਾਲੀ ਲੀਡਰਾਂ ਨਾਲ ਮੀਟਿੰਗ ਵੀ ਕੀਤੀ। ਇਸ ਤੋਂ ਇਲਾਵਾ ਉਹ ਬਠਿੰਡਾ ਅਤੇ ਮੁਕਤਸਰ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਵੀ ਖੁਲ੍ਹ ਕੇ ਮਿਲੇ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੋਸ਼ ਲਗਾਇਆ ਕਿ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਉਪਰ ਹੋਇਆ ਹਮਲਾ, ਅਚਾਨਕ ਲੜਾਈ ਨਹੀਂ, ਬਲਕਿ ਇਹ ਇਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਹਮਲੇ ਦਾ ਪਹਿਲਾਂ ਹੀ ਅੰਦੇਸ਼ਾ ਹੋਣ ਕਾਰਨ ਉਹ ਪਰਵਾਰ ਸਹਿਤ ਡੀ.ਜੀ.ਪੀ. ਨੂੰ ਵੀ ਮਿਲੇ ਸਨ ਤੇ ਕੋਲਿਆਂਵਾਲੀ ਪਰਵਾਰ ਨੂੰ ਮੁੜ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ ਪਰ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਸ. ਬਾਦਲ ਨੇ ਡਰ ਜ਼ਾਹਰ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਦਿਆਲ ਸਿੰਘ ਉਪਰ ਵੀ ਅਜਿਹਾ ਹਮਲਾ ਹੋ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿਤਾ ਸੀ ਪਰ ਹੁਣ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਇਹ ਲੋਕ ਫ਼ਿਰ ਸਰਗਰਮ ਹੋ ਗਏ ਹਨ।

ਇਸ ਮੌਕੇ ਉਨ੍ਹਾਂ ਪੁੱਛੈ ਇਕ ਸਵਾਲ ਦੇ ਜਵਾਬ ਵਿਚ ਕਾਂਗਰਸ ਸਰਕਾਰ ਨੂੰ ਪੰਜਾਬੀ ਮਾਂ ਬੋਲੀ ਦੇ ਹੱਕ ‘ਚ ਖੜਨ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਨੂੰ ਬੰਦ ਕਰਨ ਦੀਆਂ ਅਫ਼ਵਾਹਾਂ ਨੂੰ ਵੀ ਦੁਖਦਾਈਕ ਕਰਾਰ ਦਿਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜਬਹਿਮਣ, ਦਿਆਲ ਸਿੰਘ ਕੋਲਿਆਵਾਲੀ, ਡਾ. ਓਮ ਪ੍ਰਕਾਸ਼ ਸਰਮਾ ਆਦਿ ਆਗੂ ਹਾਜ਼ਰ ਸਨ।

Facebook Comments

POST A COMMENT.

Enable Google Transliteration.(To type in English, press Ctrl+g)