ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਦਾ ਦੇਹਾਂਤ


ਅਬੂ ਧਾਬੀ, 25 ਸਤੰਬਰ (ਏਜੰਸੀ) : ਮਿਸਰ ਮੂਲ ਦੀ ਵਿਸ਼ਵ ਦੀ ਸਭ ਤੋਂ ਵਜ਼ਨੀ ਔਰਤ ਮੰਨੀ ਜਾਂਦੀ ਇਮਾਨ ਅਬਦੁਲ ਅੱਤੀ (37) ਦਾ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਹਸਪਤਾਲ ਮੁਤਾਬਕ ਇਹ ਮਹਿਲਾ ਵਜ਼ਨ ਨਾਲ ਸਬੰਧਤ ਕਈ ਪੇਚੀਦਗੀਆਂ ਨਾਲ ਜੂਝ ਰਹੀ ਸੀ। ਇਮਾਨ ਨੂੰ ਇਸ ਸਾਲ ਫਰਵਰੀ ’ਚ ਭਾਰਤ ਲਿਆਂਦੇ ਜਾਣ ਮੌਕੇ ਉਸ ਦਾ ਵਜ਼ਨ 500 ਕਿਲੋਗ੍ਰਾਮ ਦੇ ਕਰੀਬ ਸੀ ਅਤੇ ਇਲਾਜ ਦੌਰਾਨ ਲੜੀਵਾਰ ਅਪਰੇਸ਼ਨਾਂ ਮਗਰੋਂ ਉਸ ਨੇ 323 ਕਿਲੋ ਵਜ਼ਨ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਹਸਪਤਾਲ ਦੇ ਮਾਹਿਰਾਂ ਮੁਤਾਬਕ ਇਮਾਨ ਨੇ ਅਬੂ ਧਾਬੀ ਦੇ ਬੁਰਜੀਲ ਹਸਪਤਾਲ ’ਚ ਆਖਰੀ ਸਾਹ ਲਏ। ਡਾਕਟਰਾਂ ਨੇ ਕਿਹਾ ਕਿ ਉਹ ਦਿਲ ਦੇ ਮਰਜ਼, ਕਿਡਨੀ ਫੇਲ੍ਹ ਸਮੇਤ ਹੋਰ ਕਈ ਰੋਗਾਂ ਨਾਲ ਜੂਝ ਰਹੀ ਸੀ। ਇਮਾਨ ਨੂੰ ਭਾਰਤ ਤੋਂ ਯੂਏਈ ਤਬਦੀਲ ਕਰਨ ਮਗਰੋਂ 4 ਮਈ ਨੂੰ ਬੁਰਜੀਲ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। ਹਸਪਤਾਲ ਵਿੱਚ ਉਹ ਵੱਖ ਵੱਖ ਰੋਗਾਂ ਦੇ 20 ਮਾਹਿਰਾਂ ਦੀ ਨਿਗਰਾਨੀ ਵਿੱਚ ਸੀ। ਉਂਜ ਸ਼ੁਰੂਆਤ ਵਿੱਚ ਉਸ ਦੇ ਮੋਟਾਪੇ ਦਾ ਇਲਾਜ ਮੁੰਬਈ ਦੇ ਸੈਫਈ ਹਸਪਤਾਲ ਵਿੱਚ ਹੋਇਆ ਸੀ। ਮਾਰਚ ਮਹੀਨੇ ਭਾਰਤ ਵਿੱਚ ਉਸ ਦੀ ਬਾਰੀਐਟਰਿਕ ਸਰਜਰੀ ਹੋਈ ਸੀ।

ਸਰਜਰੀ ਦੌਰਾਨ ਡਾਕਟਰਾਂ ਨੇ ਉਸ ਦਾ ਪੇਟ ਘਟਾ ਕੇ ਦੋ ਤਿਹਾਈ ਕਰ ਦਿੱਤਾ ਸੀ ਤਾਂ ਕਿ ਉਸ ਦੀ ਭੁੱਖ ਨੂੰ ਘਟਾਇਆ ਜਾ ਸਕੇ। ਉਸ ਦੇ ਜੈਨੇਟਿਕ (ਜਣਨ ਸਬੰਧੀ) ਟੈਸਟਾਂ ਤੋਂ ਪਤਾ ਲੱਗਾ ਸੀ ਕਿ ਉਸ ਨੂੰ ਨਿਵੇਕਲੀ ਜੀਨ ਮਿਊਟੇਸ਼ਨ ਦੀ ਸਮੱਸਿਆ ਹੈ, ਜਿਸ ਨੂੰ ਸਰਜਰੀ ਤੋਂ ਬਿਨਾਂ ਠੀਕ ਨਹੀਂ ਕੀਤਾ ਜਾ ਸਕਦਾ। ਗੌਰਤਲਬ ਹੈ ਕਿ ਇਮਾਨ ਦਾ ਭਾਰਤ ਵਿੱਚ ਚੱਲ ਰਿਹਾ ਇਲਾਜ ਉਦੋਂ ਅਚਾਨਕ ਰੋਕ ਦਿੱਤਾ ਗਿਆ ਸੀ, ਜਦੋਂ ਉਸ ਦੀ ਭੈਣ ਸ਼ਾਇਮਾ ਨੇ ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਕਿ ਉਸ ਦੀ ਭੈਣ ਦਾ ਹਸਪਤਾਲ ’ਚ ਢੁੱਕਵਾਂ ਇਲਾਜ ਨਹੀਂ ਹੋ ਰਿਹਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਸ਼ਵ ਦੀ ਸਭ ਤੋਂ ਵਜ਼ਨੀ ਮਹਿਲਾ ਦਾ ਦੇਹਾਂਤ