ਆਸਕਰ 2018 ਵਿਚ ਭਾਰਤ ਦੀ ਅਗਵਾਈ ਕਰੇਗੀ ‘ਨਿਊਟਨ’ ਫ਼ਿਲਮ

Newton

ਮੁੰਬਈ, 22 ਸਤੰਬਰ (ਏਜੰਸੀ) : ਭਾਰਤ ਨੇ ਆਸਕਰ ਐਵਾਰਡ 2018 ਲਈ ਅੱਜ ਰੀਲੀਜ਼ ਹੋਈ ਕਾਮੇਡੀ ਫ਼ਿਲਮ ‘ਨਿਊਟਨ’ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਅੱਜ ਰੀਲੀਜ਼ ਹੋਈ ਇਸ ਫ਼ਿਲਮ ਦੇ ਡਾਇਰੈਕਟਰ ਅਮਿਤ ਮਸੁਰਕਰ ਹਨ ਅਤੇ ਇਸ ਫ਼ਿਲਮ ਵਿਚ ਰਾਜ ਕੁਮਾਰ ਰਾਓ, ਪੰਕਜ ਤ੍ਰਿਪਾਠੀ, ਰਘੁਬੀਰ ਯਾਦਵ, ਅੰਜਲੀ ਪਾਟਿਲ ਅਤੇ ਸੰਜੇ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਤੇਲਗੂ ਫ਼ਿਲਮ ਪ੍ਰੋਡਿਊਸਰ ਸੀ.ਵੀ. ਰੈੱਡੀ ਦੀ ਅਗਵਾਈ ਵਿਚ ਹੋਈ ਫ਼ਿਲਮ ਫ਼ੈਡਰੇਸ਼ਨ ਆਫ਼ ਇੰਡੀਆ ਦੀ ਚੋਣ ਕਮੇਟੀ ਨੇ ਆਮ ਸਮਿਹਤੀ ਨਾਲ ਨਿਊਟਨ ਫ਼ਿਲਮ ਨੇ ਆਸਕਰ ਲਈ ਭੇਜਣ ਦਾ ਫ਼ੈਸਲਾ ਕੀਤਾ। ਆਸਕਰ ਦਾ 90ਵਾਂ ਅਕਾਦਮੀ ਐਵਾਰਡ ਸਮਾਗਮ ਚਾਰ ਮਾਰਚ, 2018 ਨੂੰ ਲਾਸ ਐਂਜਲਸ ਵਿਖੇ ਹੋਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਸੁਪਰਨ ਸੇਨ ਨੇ ਕਿਹਾ ਕਿ ਨਿਊਟਨ ਫ਼ਿਲਮ ਨੂੰ ਆਸਕਰ ਲਈ ਭਾਰਤ ਦੇ ਅਧਿਕਾਰਕ ਦਾਖ਼ਲੇ ਵਜੋਂ ਚੁਣਿਆ ਗਿਆ ਹੈ। ਇਸ ਸਾਲ ਆਸਕਰ ਐਵਾਰਡ ਲਈ ਭੇਜੇ ਜਾਣ ਵਾਸਤੇ ਲਗਭਗ 26 ਫ਼ਿਲਮਾਂ ਆਈਆਂ ਸਨ ਜਿਨ੍ਹਾਂ ਵਿਚੋਂ ਨਿਊਟਨ ਨੂੰ ਹੀ ਚੁਣਿਆ ਗਿਆ। ਫ਼ਿਲਮ ਦੇ ਡਾਇਰੈਕਟਰ ਮਸੁਰਕਰ ਨੇ ਕਿਹਾ ਕਿ ਫ਼ਿਲਮ ਨੂੰ ਆਸਕਰ ਐਵਾਰਡ ਲਈ ਭੇਜਣ ਦੇ ਐਲਾਨ ਹੋਣ ਨਾਲ ਇਹ ਫ਼ਿਲਮ ਦੀ ਟੀਮ ਲਈ ਖ਼ੁਸ਼ ਹੋਣ ਦਾ ਦੁਹਰਾ ਮੌਕਾ ਹੈ ਕਿਉਂਕਿ ਇਹ ਫ਼ਿਲਮ ਰੀਲੀਜ਼ ਹੋਣ ਦੇ ਦਿਨ ਹੀ ਆਸਕਰ ਐਵਾਰਡ ਲਈ ਭੇਜੇ ਜਾਣ ਵਜੋਂ ਚੁਣੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਸ਼ ਹਨ ਕਿਉਂਕਿ ਹੁਣ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਲਿਆਉਣ ਵਿਚ ਸਫ਼ਲ ਹੋ ਜਾਵੇਗੀ। ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਜ ਕੁਮਾਰ ਰਾਓ ਨੇ ਕਿਹਾ ਕਿ ਇਸ ਫ਼ਿਲਮ ਨੂੰ ਪਹਿਲਾਂ ਹੀ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਅੱਜ ਤਕ ਕਿਸੇ ਵੀ ਭਾਰਤੀ ਫ਼ਿਲਮ ਨੂੰ ਆਸਕਰ ਐਵਾਰਡ ਨਹੀਂ ਮਿਲਿਆ ਹੈ। ਆਖ਼ਰੀ ਵਾਰ ਸਾਲ 2001 ਵਿਚ ਆਸ਼ੂਤੋਸ਼ ਗਾਵਰੀਕਰ ਦੀ ਫ਼ਿਲਮ ‘ਲਗਾਨ’ ਸਿਖ਼ਰਲੀਆਂ ਪੰਜ ਫ਼ਿਲਮਾਂ ਵਿਚ ਥਾਂ ਬਣਾਉਣ ਵਿਚ ਸਫ਼ਲ ਹੋਈ ਸੀ। ਇਸ ਤੋਂ ਪਹਿਲਾਂ ਸਾਲ 1958 ਵਿਚ ‘ਮਦਰ ਇੰਡੀਆ’ ਅਤੇ 1989 ਵਿਚ ‘ਸਲਾਮ ਬੰਬੇ’ ਤੋਂ ਇਲਾਵਾ ਦੋ ਹੋਰ ਭਾਰਤੀ ਫ਼ਿਲਮਾਂ ਸਿਖ਼ਲੀਆਂ ਪੰਜ ਫ਼ਿਲਮਾਂ ਵਿਚ ਥਾਂ ਬਣਾਉਣ ਵਿਚ ਸਫ਼ਲ ਹੋਈਆਂ ਸਨ। ਪਿਛਲੇ ਸਾਲ ਭਾਰਤ ਵਲੋਂ ਤਾਮਿਲ ਫ਼ਿਲਮ ‘ਵਿਸਾਨਾਈ’ ਨੂੰ ਆਸਕਰ ਐਵਾਰਡ ਲਈ ਭੇਜਿਆ ਗਿਆ ਸੀ।

ਆਸਕਰ 2018 ਐਵਾਰਡ ਲਈ ਭੇਜੀ ਜਾਣ ਵਾਲੀ ਭਾਰਤੀ ਫ਼ਿਲਮ ‘ਨਿਊਟਨ’ ਨੂੰ ਐਂਜਲੀਨਾ ਜੌਲੀ ਦੀ ‘ਫ਼ਰਸਟ ਦੇਅ ਕਿਲਡ ਮਾਈ ਫ਼ਾਦਰ’, ਪਾਕਿਸਤਾਨ ਦੀ ‘ਸਾਵਨ’, ਸਵੀਡਨ ਦੀ ‘ਦ ਸੁਕੇਅਰ’, ਜਰਮਨੀ ਦੀ ‘ਇਨ ਦ ਫ਼ੇਡ’ ਅਤੇ ਚੀਲੀ ਦੀ ‘ਏ ਫੈਨਟੈਸਟਿਕ ਵੂਮੈਨ’ ਵਰਗੀਆਂ ਫ਼ਿਲਮਾਂ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)