ਗ਼ਰੀਬ ਘਰਾਂ ਵਿੱਚ ਲਾਟੂ ਬਾਲਣ ਤੁਰੇ ਮੋਦੀ


ਨਵੀਂ ਦਿੱਲੀ, 25 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਚਾਰ ਕਰੋੜ ਪੇਂਡੂ ਘਰਾਂ ਨੂੰ ਬਿਜਲੀ ਕੁਨੈਕਸ਼ਨ ਮੁਫ਼ਤ ਮੁਹੱਈਆ ਕਰੇਗੀ ਤਾਂ ਕਿ ਗਰੀਬਾਂ ਦੀ ਵੀ ਬਿਜਲੀ ਤੱਕ ਪਹੁੰਚ ਹੋ ਸਕੇ। ਇਹ ਫੈਸਲਾ ਸਰਕਾਰ ਨੂੰ 16,320 ਕਰੋੜ ਰੁਪਏ ਦਾ ਪਵੇਗਾ ਪਰ ਇਸ ਦਾ ਭਾਰ ਗਰੀਬਾਂ ਉਤੇ ਨਹੀਂ ਪਾਇਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਪੇਂਡੂ ਗਰੀਬਾਂ ਨੂੰ ਉਨ੍ਹਾਂ ਦੇ ਘਰਾਂ ਦੀ ਡਿਓਢੀ ਉਤੇ ਹੀ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ। ਉਹ ਓਐਨਜੀਸੀ ਭਵਨ, ਜਿਸ ਦਾ ਨਾਂ ਬਦਲ ਕੇ ਜਨਸੰਘ ਨੇਤਾ ਦੀਨਦਿਆਲ ਉਪਾਧਿਆਏ ਦੇ ਨਾਂ ਉਤੇ ਰੱਖਿਆ ਗਿਆ, ਵਿੱਚ ‘ਸਹਿਜ ਬਿਜਲੀ ਹਰ ਘਰ ਯੋਜਨਾ’ ਸ਼ੁਰੂ ਕਰਨ ਮੌਕੇ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਮੰਤਵ 31 ਮਾਰਚ 2019 ਤੱਕ ਦੇਸ਼ ਦੇ ਹਰੇਕ ਘਰ ਨੂੰ ਬਿਜਲੀ ਕੁਨੈਕਸ਼ਨ ਮੁਹੱਈਆ ਕਰਨਾ ਹੈ। ਇਸ ਸਕੀਮ ਦੀ ਸ਼ੁਰੂਆਤ ਮਗਰੋਂ ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਪਰਿਵਾਰਾਂ ਬਾਰੇ ਚਿੰਤਾ ਹੈ, ਜਿਨ੍ਹਾਂ ਦੀ ਬਿਜਲੀ ਤੱਕ ਪਹੁੰਚ ਨਹੀਂ ਹੈ। ਸਾਡਾ ਮੰਤਵ ਸੌਭਾਗਿਆ ਯੋਜਨਾ ਰਾਹੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਰੁਸ਼ਨਾਉਣਾ ਹੈ।’’ ਉਨ੍ਹਾਂ ਕਿਹਾ ਕਿ ਕੌਮੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਕੰਮਕਾਜ ਨਾਲ ਗਰੀਬਾਂ ਦੀਆਂ ਇੱਛਾਵਾਂ ਨੂੰ ਖੰਭ ਲੱਗੇ ਹਨ। ਇਸ ਸਕੀਮ ਦੀ ਸ਼ੁਰੂਆਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੇਸ਼ ਦੇ ਚਾਰ ਕਰੋੜ ਘਰਾਂ ਨੂੰ ਅੱਜ ਤੱਕ ਬਿਜਲੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ‘ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ’ ਵਿੱਚ ਵੱਡਾ ਫੰਡ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਆਇਲ ਤੇ ਨੈਚੁਰਲ ਗੈਸ ਕਾਰਪੋਰੇਸ਼ਨ’ (ਓਐਨਜੀਸੀ) ਨੂੰ ਕਾਰਜ ਕੁਸ਼ਲ ਬਿਜਲਈ ਚੁੱਲ੍ਹਾ ਬਣਾਉਣ ਨੂੰ ਚੁਣੌਤੀ ਵਜੋਂ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਇਕੋ ਝਟਕੇ ਦੇਸ਼ ਦੀ ਦਰਾਮਦ ਬਾਲਣ ਉਤੇ ਨਿਰਭਰਤਾ ਚੋਖੀ ਘਟੇਗੀ। ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵ ਇਲੈਕਟ੍ਰਿਕ ਕਾਰਾਂ ਉਤੇ ਕੰਮ ਕਰ ਰਿਹਾ ਹੈ ਤਾਂ ਭਾਰਤ ਵਿੱਚ ਅਸੀਂ ਇਲੈਕਟ੍ਰਿਕ ਕਾਰਾਂ ਦੇ ਨਾਲ ਨਾਲ ਲੋਕਾਂ ਦੀ ਮੰਗ ਪੂਰੀ ਕਰਨ ਲਈ ਇਲੈਕਟ੍ਰਿਕ ਚੁੱਲ੍ਹਿਆਂ ਵੱਲ ਲੰਮੀ ਛਾਲ ਮਾਰਾਂਗਾ। ਇਸ ਦੌਰਾਨ ਕਾਂਗਰਸ ਨੇ ਮੋਦੀ ਸਰਕਾਰ ਦੇ ਪ੍ਰਦਰਸ਼ਨ ਉਤੇ ਹੱਲ ਬੋਲਦਿਆਂ ਦਾਅਵਾ ਕੀਤਾ ਕਿ ਵਿਕਾਸ ਬਾਰੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਫਰਕ ਹੈ। ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਸਮਾਜਿਕ ਇਕਜੁੱਟਤਾ, ਸਿਆਸੀ ਸਥਿਰਤਾ, ਅੰਦਰੂਨੀ ਸੁਰੱਖਿਆ, ਵਿੱਤੀ ਵਿਕਾਸ ਅਤੇ ਕੌਮਾਂਤਰੀ ਸਬੰਧਾਂ ਦੇ ਪੰਜੇ ਮਾਪਦੰਡਾਂ ਉਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗ਼ਰੀਬ ਘਰਾਂ ਵਿੱਚ ਲਾਟੂ ਬਾਲਣ ਤੁਰੇ ਮੋਦੀ