ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸੇਵਾਮੁਕਤੀ ਉਮਰ 65 ਸਾਲ


ਨਵੀਂ ਦਿੱਲੀ, 27 ਸਤੰਬਰ (ਏਜੰਸੀ) : ਕੇਂਦਰੀ ਵਜ਼ਾਰਤ ਨੇ ਅੱਜ ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸੇਵਾਮੁਕਤੀ ਉਮਰ ਵਧਾ ਕੇ 65 ਸਾਲ ਕਰਨ ਅਤੇ ਮੁਲਕ ’ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ, ਪੁਲੀਸ ਦੇ ਆਧੁਨਿਕੀਕਰਨ ਅਤੇ ਅਤਿਵਾਦ ਖ਼ਿਲਾਫ਼ ਲੜਾਈ ਲਈ 25 ਹਜ਼ਾਰ ਕਰੋੜ ਦੀ ਲਾਗਤ ਵਾਲੀ ਮੈਗਾ ਅੰਦਰੂਨੀ ਸੁਰੱਖਿਆ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਕੁੱਝ ਵਿਭਾਗਾਂ ’ਚ ਡਾਕਟਰਾਂ ਦੀ ਸੇਵਾਮੁਕਤੀ ਉਮਰ 60 ਅਤੇ ਕੁੱਝ ’ਚ 62 ਸਾਲ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਨੇ ਅੱਜ ਡਾਕਟਰਾਂ ਦੀ ਸੇਵਾਮੁਕਤੀ ਉਮਰ ’ਚ ਵਾਧੇ ਦਾ ਫ਼ੈਸਲਾ ਕੀਤਾ ਹੈ।

ਇਸ ਫ਼ੈਸਲੇ ਨੂੰ ਲੋਕ ਤੇ ਮਰੀਜ਼ ਪੱਖੀ ਕਰਾਰ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਡਾਕਟਰਾਂ ਦੀ ਘਾਟ ਦੀ ਸਮੱਸਿਆ ਹੱਲ ਹੋਵੇਗੀ ਅਤੇ ਤਜਰਬੇਕਾਰ ਡਾਕਟਰਾਂ ਦੀਆਂ ਸੇਵਾਵਾਂ ਦਾ ਹੋਰ ਲਾਹਾ ਲਿਆ ਜਾ ਸਕੇਗਾ।’ ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਨਾਲ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ ਤੇ ਵਿਭਾਗਾਂ ਦੇ ਤਕਰੀਬਨ 1445 ਡਾਕਟਰਾਂ ਨੂੰ ਲਾਭ ਹੋਵੇਗਾ। ਇਸ ਫ਼ੈਸਲੇ ਮੁਤਾਬਕ 62 ਸਾਲ ਦੀ ਉਮਰ ਤਕ ਡਾਕਟਰ ਪ੍ਰਸ਼ਾਸਨਿਕ ਅਹੁਦਿਆਂ ’ਤੇ ਰਹਿਣਗੇ ਅਤੇ ਇਸ ਬਾਅਦ ਉਹ ਗ਼ੈਰ-ਪ੍ਰਸ਼ਾਸਨਿਕ ਅਹੁਦਿਆਂ ’ਤੇ ਸੇਵਾਵਾਂ ਦੇਣਗੇ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਨੇ 2017-18 ਤੋਂ 2019-20 ਲਈ ਮਾਡਰਨਾਈਜੇਸ਼ਨ ਆਫ ਪੁਲੀਸ ਫੋਰਸ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਦੱਸਿਆ, ‘ਮੁਲਕ ਦੀ ਇਸ ਸਭ ਤੋਂ ਵੱਡੀ ਅੰਦਰੂਨੀ ਸੁਰੱਖਿਆ ਯੋਜਨਾ ’ਤੇ ਤਿੰਨ ਸਾਲਾਂ ਤੋਂ ਵੱਧ ਸਮੇਂ ’ਚ 25060 ਕਰੋੜ ਰੁਪਏ ਖਰਚ ਆਵੇਗਾ, ਜਿਸ ’ਚ ਕੇਂਦਰ ਸਰਕਾਰ ਵੱਲੋਂ 18,636 ਕਰੋੜ ਅਤੇ ਸੂਬਿਆਂ ਵੱਲੋਂ 6424 ਕਰੋੜ ਰੁਪਏ ਹਿੱਸਾ ਪਾਇਆ ਜਾਵੇਗਾ।’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸੇਵਾਮੁਕਤੀ ਉਮਰ 65 ਸਾਲ