ਨੋਟਬੰਦੀ ਦੀ ਕੋਈ ਲੋੜ ਨਹੀਂ ਸੀ : ਮਨਮੋਹਨ ਸਿੰਘ

ਚੰਡੀਗੜ੍ਹ, 22 ਸਤੰਬਰ (ਏਜੰਸੀ) : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਨੇ ਅੱਜ ਇਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਚ ਬੋਲਦਿਆਂ ਕਿਹਾ ਕਿ ਨੋਟਬੰਦੀ ਦੀ ਬਿਲਕੁਲ ਕੋਈ ਲੋੜ ਨਹੀਂ ਸੀ ਤੇ ਨਾ ਹੀ ਇਸ ਦਾ ਦੇਸ਼ ਨੂੰ ਕੋਈ ਲਾਭ ਹੋਇਆ ਹੈ ਸਗੋਂ ਇਸ ਨਾਲ ਦੇਸ਼ ਵਿਚ ਆਰਥਕ ਮੰਦਵਾੜਾ ਆਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਨਾਲ ਨਾਲ ਜੋ ਜੀਐਸਟੀ ਲਾਗੂ ਕੀਤਾ ਗਿਆ ਹੈ ਉਸ ਨਾਲ ਦੇਸ਼ ਦੀ ਆਰਥਕਤਾ ਨੂੰ ਦੋਹਰਾ ਨੁਕਸਾਨ ਹੋਇਆ ਹੈ ਜਿਸ ਕਰ ਕੇ ਦੇਸ਼ ਦੇ ਆਰਥਕ ਵਿਕਾਸ ‘ਤੇ ਮਾੜਾ ਅਸਰ ਪਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਜੀਐਸਟੀ ਲਾਗੂ ਕਰਨ ਦੇ ਲੰਮੇ ਸਮੇਂ ਵਿਚ ਸਿੱਟੇ ਦੇਸ਼ ਦੇ ਹਿਤ ਵਿਚ ਹੋਣਗੇ ਪਰ ਕਿਉਂਕਿ ਇਸ ਨੂੰ ਹੁਣ ਕਾਅਲੀ ਵਿਚ ਲਾਗੂ ਕੀਤਾ ਗਿਆ ਹੈ। ਇਸ ਕਰ ਕੇ ਇਸ ਦੇ ਨਤੀਜੇ ਦੇਸ਼ ਲਈ ਸਾਰਥਕ ਸਾਬਤ ਨਹੀਂ ਹੋ ਰਹੇ।

ਜਦੋਂ ਮਨਮੋਹਨ ਸਿੰਘ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਹਾਲ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਦਾ ਬਹੁਤ ਜ਼ੋਰਦਾਰ ਸਵਾਗਤ ਹੋਇਆ। ਹਾਲ ਵਿਚ ਹਾਜ਼ਰ ਵੱਖ ਵੱਖ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਆਮਦ ‘ਤੇ ਲੰਮਾ ਸਮਾਂ ਤਾੜੀਆਂ ਹੀ ਨਹੀਂ ਮਾਰੀਆਂ ਸਗੋਂ ਉਨ੍ਹਾਂ ਦੇ ਸਵਾਗਤ ਵਿਚ ਕਈ ਪ੍ਰਸ਼ੰਸਾਯੋਗ ਟਿਪਣੀਆਂ ਵੀ ਕੀਤੀਆਂ। ਜਦੋਂ ਇਕ ਵਾਰ ਉਹ ਮੁੜ ਖੜੇ ਹੋ ਕੇ ਬੋਲਣ ਲੱਗੇ ਤਾਂ ਸਾਰਾ ਹਾਲ ਉਨ੍ਹਾਂ ਦੇ ਸਵਾਗਤ ਵਿਚ ਇਕ ਵਾਰ ਮੁੜ ਖੜਾ ਹੋ ਗਿਆ ਅਤੇ ਤਾੜੀਆਂ ਦੀਆਂ ਗੜਗਹਾਟ ਵਿਚ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਅਪਣਾ ਭਾਸ਼ਣ ਸਮਾਪਤ ਕਰਨ ਸਮੇਂ ਵੀ ਉਨ੍ਹਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਵਿਚ ਦਿਤੇ ਪਰ ਕੋਈ ਸਿਆਸੀ ਟਿਪਣੀ ਨਹੀਂ ਕੀਤੀ। ਸਿਰਫ਼ ਇੰਨਾ ਹੀ ਕਿਹਾ ਕਿ ਦੇਸ਼ ਲੋਕਤੰਤਰ ਦੇ ਵਾਤਾਵਰਣ ਵਿਚ ਹੀ ਤਰੱਕੀ ਕਰਦਾ ਹੈ ਤੇ ਵਧਦਾ ਫੂਲਦਾ ਹੈ। ਪਰ ਤਾਨਾਸ਼ਾਹੀ ਸਮੇਂ ਦੇਸ਼ ਦੇ ਆਰਥਕ ਵਿਕਾਸ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਤਰੱਕੀ ਦੇ ਕੰਮ ਰੁਕ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਸਾਹਮਣੇ ਸੱਭ ਤੋਂ ਵੱਡਾ ਮਸਲਾ ਸਿਹਤ ਸਬੰਧੀ ਸਹੂਲਤਾਂ, ਸਿਖਿਆ ਵਿਚ ਸੁਧਾਰ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਹੈ। ਜਦੋਂ ਉਨ੍ਹਾਂ ਨੂੰ ਸਿਹਤ ਸੇਵਾਵਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰੀ ਪੱਧਰ ‘ਤੇ ਵੱਡੇ ਯਤਨ ਹੋਣੇ ਚਾਹੀਦੇ ਹਨ ਕਿਉਂਕਿ ਪ੍ਰਾਈਵੇਟ ਸੈਕਟਰ ਵਲੋਂ ਪ੍ਰਦਾਨ ਕੀਤੀਆਂ ਗਈਆਂ ਸਿਹਤ ਸਹੂਲਤਾਂ ‘ਤੇ ਦੇਸ਼ ਕਦੇ ਵੀ ਨਿਰਭਰ ਨਹੀਂ ਰਹਿ ਸਕਦਾ ਹੈ। ਹਾਲ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਵੇਖਦੇ ਹੋਏ ਉਨ੍ਹਾਂ ਕਿਹਾ ਕਿ ਇਹ ਸ਼ੁੱਭ ਸ਼ਗਨ ਹੈ ਕਿ ਇੰਨੀ ਗਿਣਤੀ ਵਿਚ ਉਹ ਇਸ ਹਾਲ ਵਿਚ ਹਾਜ਼ਰ ਹਨ।

ਖੇਤੀ ਸੈਕਟਰ ਵਿਚ ਚੱਲ ਰਹੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਵਿਕਾਸ ਲਈ ਖੇਤੀ ਤੋਂ ਅੱਗੇ ਸੋਚਣਾ ਪਵੇਗਾ ਅਤੇ ਇਸ ਦੇ ਨਾਲ ਸਮਾਲ ਤੇ ਮੀਡੀਅਮ ਦਰਜੇ ਦੇ ਉਦਯੋਗਾਂ ਨੂੰ ਪ੍ਰਫੁੱਲਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਰੁਪਏ ਨੂੰ ਮਜ਼ਬੂਤ ਕਰਨ ਦਾ ਜੋ ਕੰਮ ਚੱਲ ਰਿਹਾ ਹੈ ਜੋ ਉਹ ਬਨਾਉਟੀ ਹੈ ਅਤੇ ਇਸ ਦਾ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ ਅਤੇ ਇਸ ਨਾਲ ਦੇਸ਼ ਦੇ ਨਿਰਯਾਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਬੈਂਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਦਾਰੇ ਅਪਣਾ ਠੀਕ ਰੋਲ ਨਹੀਂ ਨਿਭਾ ਰਹੇ ਬੈਂਕਾਂ ਨੂੰ ਦੇਸ਼ ਦੀ ਆਰਥਕਤਾ ਦੇ ਵਿਕਾਸ ਵਿਚ ਨਿੱਘਰ ਰੋਲ ਅਦਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਕਾਰੋਬਾਰ ਸ਼ੁਰੁ ਕਰਨ ਲਈ ਪੈਸੇ ਦੇਣੇ ਚਾਹੀਦੇ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)