ਉਤਕਲ ਐਕਸਪ੍ਰੈੱਸ ਲੀਹੋਂ ਲੱਥੀ, 23 ਮੌਤਾਂ


ਮੁਜ਼ੱਫਰਨਗਰ, 19 ਅਗਸਤ (ਏਜੰਸੀ) : ਇੱਥੇ ਅੱਜ ਸ਼ਾਮੀਂ ਖਤੌਲੀ ਨੇੜੇ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ 23 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 60 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਹਾਦਸਾ ਮੁਜ਼ੱਫਰਨਗਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਖਤੌਲੀ ਵਿੱਚ ਸ਼ਾਮੀਂ 5:45 ਵਜੇ ਵਾਪਰਿਆ। ਟੈਲੀਵਿਜ਼ਨ ਚੈਨਲਾਂ ਉਤੇ ਦਿਖਾਏ ਦ੍ਰਿਸ਼ਾਂ ਵਿੱਚ ਪਟੜੀ ਤੋਂ ਲੱਥੇ ਡੱਬੇ ਇਕ ਘਰ ਵਿੱਚ ਵੜੇ ਦਿਸ ਰਹੇ ਹਨ। ਜਿਸ ਮਕਾਨ ਵਿੱਚ ਰੇਲ ਗੱਡੀ ਦੇ ਡੱਬੇ ਵੜੇ, ਉਸ ਦੇ ਮਾਲਕ ਨੇ ਕਿਹਾ ਕਿ ਇੱਥੇ ਸਵੇਰ ਤੋਂ ਪਟੜੀ ਦੀ ਮੁਰੰਮਤ ਚੱਲ ਰਹੀ ਸੀ, ਜਿਸ ਬਾਰੇ ਰੇਲਵੇ ਸਟਾਫ਼ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਪਟੜੀ ਉਤੇ ਪੂਰੀ ਰਫ਼ਤਾਰ ਨਾਲ ਰੇਲ ਗੱਡੀ ਆ ਗਈ, ਜਿਸ ਕਾਰਨ ਹਾਦਸਾ ਵਾਪਰਿਆ।

ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ ਅਤੇ ਜੇ ਕੋਈ ਕੁਤਾਹੀ ਸਾਹਮਣੇ ਆਈ ਤਾਂ ਸਖ਼ਤ ਕਦਮ ਚੁੱਕਿਆ ਜਾਵੇਗਾ। ਸ੍ਰੀ ਸੁਰੇਸ਼ ਪ੍ਰਭੂ ਨੇ ਕਈ ਟਵੀਟ ਕਰ ਕੇ ਕਿਹਾ ਕਿ ਰਾਜ ਮੰਤਰੀ ਮਨੋਜ ਸਿਨਹਾ ਨੂੰ ਮੌਕੇ ਉਤੇ ਭੇਜਿਆ ਗਿਆ ਹੈ, ਜਦੋਂ ਕਿ ਰੇਲਵੇ ਬੋਰਡ ਦੇ ਚੇਅਰਮੈਨ ਤੇ ਮੈਂਬਰ ਟਰੈਫਿਕ ਨੂੰ ਵੀ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਕਿਹਾ ਗਿਆ ਹੈ। ‘ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ’ (ਐਨਡੀਆਰਐਫ) ਦੀਆਂ ਦੋ ਟੀਮਾਂ ਨੂੰ ਹਾਦਸੇ ਵਾਲੀ ਥਾਂ ਭੇਜਿਆ ਗਿਆ ਹੈ। ਮੈਡੀਕਲ ਵੈਨਾਂ ਨੂੰ ਵੀ ਮੌਕੇ ਉਤੇ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਏਡੀਜੀ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਤੁਰਤ ਰਾਹਤ ਤੇ ਬਚਾਅ ਕਾਰਜ ਯਕੀਨੀ ਬਣਾਉਣੇ ਸਾਡੀ ਤਰਜੀਹ ਹਨ। ਉਨ੍ਹਾਂ ਕਿਹਾ ਕਿ ਪੀਏਸੀ ਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਉਤੇ ਭੇਜੀਆਂ ਗਈਆਂ।

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਦੌਰਾਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸ੍ਰੀ ਕੁਮਾਰ ਨੇ ਕਿਹਾ ਕਿ ਮੇਰਠ ਜ਼ੋਨ ਵਿੱਚ ਆਈਐਮਏ ਇਕਾਈਆਂ ਨੂੰ ਚੌਕਸ ਕਰ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਫੌਰੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਰ ਸੰਭਵ ਕਾਰਵਾਈ ਦਾ ਆਦੇਸ਼ ਦਿੱਤਾ। ਅਦਿੱਤਿਆਨਾਥ ਨੇ ਆਪਣੇ ਦੋ ਮੰਤਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹਾਦਸੇ ਵਾਲੀ ਥਾਂ ਜਾਣ ਵਾਸਤੇ ਆਖਿਆ।

ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਰੇਲ ਮੰਤਰੀ ਤੇ ਸੂਬਾ ਸਰਕਾਰ ਨੂੰ ਹਰੇਕ ਸੰਭਵ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਉਤਕਲ ਐਕਸਪ੍ਰੈੱਸ ਲੀਹੋਂ ਲੱਥੀ, 23 ਮੌਤਾਂ