ਫ਼ੌਜ ਦਾ ਡੇਰੇ ਅੰਦਰ ਜਾਣ ਦਾ ਹਾਲੇ ਕੋਈ ਇਰਾਦਾ ਨਹੀਂ : ਫ਼ੌਜੀ ਅਧਿਕਾਰੀ

Indian-Army

ਸਿਰਸਾ, 26 ਅਗੱਸਤ (ਏਜੰਸੀ) : ਸੌਦਾ ਸਾਧ ਡੇਰੇ ਦੇ ਮੁੱਖ ਦਫ਼ਤਰ ਵਿਚ ਦਾਖ਼ਲ ਹੋਣ ਦਾ ਫ਼ੌਜ ਦਾ ਫ਼ਿਲਹਾਲ ਕੋਈ ਇਰਾਦਾ ਨਹੀਂ ਅਤੇ ਫ਼ੌਜ ਦਾ ਧਿਆਨ ਹਿੰਸਾ ਨੂੰ ਵੇਖਦਿਆਂ ਸਿਰਫ਼ ਕਾਨੂੰਨ ਵਿਵਸਥਾ ਕਾਇਮ ਰੱਖਣ ਵਲ ਹੈ। ਇਹ ਗੱਲ ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਕਹੀ। ਫ਼ੌਜ ਨੇ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨਾਲ ਮਿਲ ਕੇ ਡੇਰੇ ਦੇ ਮੁੱਖ ਗੇਟਾਂ ਅੱਗੇ ਬੈਰੀਕੇਡ ਖੜੇ ਕਰ ਦਿਤੇ ਹਨ। ਡੇਰੇ ਅੰਦਰ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ‘ਪ੍ਰੇਮੀ’ ਹਨ ਜਦਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਡੇਰਾ ਖ਼ਾਲੀ ਕਰਨ ਦੀ ਅਪੀਲ ਕਰ ਦਿਤੀ ਹੈ।

ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ), 33 ਆਰਮਡ ਡਵੀਜ਼ਨ, ਰਾਜਪਾਲ ਪੂਨੀਆ ਨੇ ਪੱਤਰਕਾਰਾਂ ਨੂੰ ਦਸਿਆ, ‘ਫ਼ੌਜ ਦਾ ਡੇਰੇ ਅੰਦਰ ਦਾਖ਼ਲ ਹੋਣ ਦਾ ਫ਼ਿਲਹਾਲ ਕੋਈ ਇਰਾਦਾ ਨਹੀਂ ਹੈ। ਇਸ ਵਕਤ ਅਸੀਂ ਸਿਰਫ਼ ਕਾਨੂੰਨ ਵਿਵਸਥਾ ਕਾਇਮ ਰੱਖਣ ਵਲ ਧਿਆਨ ਦੇ ਰਹੇ ਹਾਂ।’ ਉਨ੍ਹਾਂ ਦੀ ਇਹ ਟਿਪਣੀ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਦੇ ਇਸ ਬਿਆਨ ਮਗਰੋਂ ਆਈ ਕਿ ਹਰਿਆਣਾ ਵਿਚ ਡੇਰੇ ਦੇ ਸਾਰੇ ਨਾਮ ਚਰਚਾ ਘਰਾਂ ਦੀ ਤਲਾਸ਼ੀ ਦੇ ਹੁਕਮ ਦੇ ਦਿਤੇ ਗਏ ਹਨ।

ਰੋਹਤਕ ਦੀ ਜੇਲ ਵਿਚ ਬੰਦ ਸੌਦਾ ਸਾਧ ਨੂੰ ਉਥੇ ਹੀ ਆਰਜ਼ੀ ਅਦਾਲਤ ਲਾ ਕੇ 28 ਅਗੱਸਤ ਯਾਨੀ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਹਰਿਆਣਾ ਦੇ ਡੀਜੀਪੀ ਬੀ ਐਸ ਸੰਧੂ ਨੇ ਦਸਿਆ ਕਿ ਸੌਦਾ ਸਾਧ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਜਿਥੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਵਿਚ ਨਹੀਂ ਲਿਆਂਦਾ ਜਾਵੇਗਾ ਤੇ ਜੇਲ ਵਿਚ ਹੀ ਅਦਾਲਤ ਬਣਾ ਕੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਦਸਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਜਾ ਰਿਹਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)