ਕੇਂਦਰ ਦਾ ਇੰਡਸਟਰੀ ਪੈਕੇਜ ਪੰਜਾਬ ਨੂੰ ਵੀ ਮਿਲੇ : ਬਾਦਲ

Badal-declines-CBI-probe-proposal-into-drug-racket

ਚੰਡੀਗੜ੍ਹ, 17 ਅਗੱਸਤ (ਏਜੰਸੀ) : ਕੇਂਦਰ ਦੀ ਮੋਦੀ ਸਰਕਾਰ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਹਨ, ਵਲੋਂ ਹਿਮਾਚਲ, ਉਤਰਾਖੰਡਾ ਤੇ ਜੰਮੂ-ਕਸ਼ਮੀਰ ਵਾਸਤੇ ਇੰਡਸਟਰੀ ਪੈਕੇਜ ਹੋਰ 10 ਸਾਲ ਵਧਾਉਣ ‘ਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਠੋਕ ਕੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ ਹੈ। ਅੱਜ ਇਥੇ ਅਕਾਲੀ ਲੀਡਰਾਂ, ਵਰਕਰਾਂ, ਹਮਦਰਦਾਂ ਦੀ ਵਿਥਿਆ ਸੁਣਨ ਆਏ 92 ਸਾਲ ਦੇ ਅਕਾਲੀ ਨੇਤਾ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪੰਜਾਬ ਨਾਲ ਵਿਤਕਰਾ ਤੇ ਧੱਕਾ ਹੁੰਦਾ ਆਇਆ ਹੈ ਅਤੇ ਹੁਣ ਫਿਰ ਆਉਂਦੇ 10 ਸਾਲ ਹੋਰ ਇਹ ਸੂਬਾ ਇੰਡਸਟਰੀ ਦੇ ਖੇਤਰ ਵਿਚ ਖੂੰਜੇ ਲੱਗ ਜਾਵੇਗਾ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦ ਵਿਰੁਧ ਪੰਜਾਬ ਨੇ ਇਕ ਤਰ੍ਹਾਂ ਨਾਲ ਦੇਸ਼ ਦੀ ਲੜਾਈ ਖ਼ੁਦ ਲੜੀ ਪਰ ਪੁਲਿਸ ਤੇ ਸੁਰੱਖਿਆ ਬਲਾਂ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਸਿਰ ਮੜ੍ਹ ਦਿਤਾ ਗਿਆ, ਪੰਜਾਬ ਕਰਜ਼ੇ ਹੇਠਾਂ ਦਬ ਗਿਆ, ਵਿਆਜ ਦੀਆਂ ਕਿਸ਼ਤਾਂ ਮੋੜਨ ਵਿਚ ਬਰਬਾਦ ਹੋ ਗਿਆ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਨਰਮ ਤੇ ਤਰਫ਼ਦਾਰੀ ਕਰਨ ਦਾ ਹਮਦਰਦੀ ਭਰਿਆ ਵਤੀਰਾ ਗੁਆਂਢੀ ਸੂਬਿਆਂ ਹਿਮਾਚਲ, ਉਤਰਾਖੰਡ ਅਤੇ ਜੰਮੂ-ਕਸ਼ਮੀਰ ਨਾਲ ਜ਼ਿਆਦਾ ਹੈ, ਸਾਨੂੰ ਇਸ ਦਾ ਇਤਰਾਜ਼ ਨਹੀਂ ਪਰ ਇਸੇ ਤਰ੍ਹਾਂ ਦੀ ਨਰਮਦਿਲੀ ਕੇਂਦਰ ਸਰਕਾਰ ਨੂੰ ਸਾਡੇ ਸਰਹੱਦੀ ਸੂਬੇ ਨਾਲ ਵੀ ਵਿਖਾਉਣੀ ਚਾਹੀਦੀ ਹੈ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਤੇ ਖ਼ੁਦ ਮੈਂ, ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨਾਲ ਕੇਂਦਰੀ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਕੋਲ ਜਾਣ ਨੂੰ ਤਿਆਰ ਹਨ ਤਾਕਿ ਸੂਬੇ ਦੇ ਭਲੇ ਲਈ ਇੰਡਸਟਰੀ ਦਾ ਬਚਾਅ ਹੋ ਸਕੇ।

ਜ਼ਿਕਰਯੋਗ ਹੈ ਕਿ ਪਹਿਲਾਂ ਦਹਿਸ਼ਤਗਰਦੀ ਦੇ ਦੋ ਦਹਾਕਿਆਂ ਦੇ ਦੌਰ ਵਿਚ ਕਾਰਖਾਨੇਦਾਰ ਪੰਜਾਬ ਵਿਚੋਂ ਭੱਜ ਗਏ, ਫਿਰ ਗੁਆਂਢੀ ਰਾਜਾਂ ਨੂੰ ਸਪੈਸ਼ਲ ਪੈਕੇਜ ਦੇ 15 ਸਾਲਾਂ ਤੋਂ ਜਾਰੀ ਰਹਿਣ ਕਰ ਕੇ, 2000 ਤੋਂ ਵਧ ਯੂਨਿਟਾਂ ਹਿਮਾਚਲ ਵਿਚ ਚਲੀਆਂ ਗਈਆਂ। ਹੁਣ ਫਿਰ 10 ਸਾਲ ਦੇ ਹੋਰ ਵਾਧੇ ਨਾਲ ਨਵੀਂ ਇੰਡਸਟਰੀ ਦੇ ਪੰਜਾਬ ਵਿਚ ਸਥਾਪਤੀ ਦੇ ਆਸਾਰ ਖ਼ਤਮ ਹੋ ਗਏ ਹਨ। ਕੁਰਾਲੀ, ਡੇਰਾਬੱਸੀ ਤੇ ਹੋਰ ਥਾਵਾਂ ਤੋਂ ਕਾਂਗਰਸ ਸਰਕਾਰ ਤੇ ਪਿਲਸ ਦੇ ਸਤਾਏ ਹੋਏ, ਵਰਕਰਾਂ, ਲੀਡਰਾਂ, ਚੁਣੇ ਹੋਏ ਮਿਉਂਸਪਲ ਕੌਂਸਲਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਮੰਤਰੀਆ ਤੇ ਵਿਧਾਇਕਾਂ ਦੀ ਇਹੋ ਮਨਸ਼ਾ ਹੈ ਕਿ ਝੂਠੇ ਕੇਸਾਂ ਤੇ ਦਰਜ ਕੀਤੇ ਪੁਲਿਸ ਪਰਚੇ ਵਿਚ ਫਸਾ ਕੇ ਅਕਾਲੀਆਂ ਨੂੰ ਤੰਗ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ 150 ਦਿਨਾਂ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਬਿੱਗ ਜ਼ੀਰੋ’ ਯਾਨੀ ਸਿਫ਼ਰ ਰਹੀ ਹੈ, ਕਾਨੂੰਨ ਵਿਵਸਥਾ ਮਾੜੀ ਹੈ, ਲੁੱਟਾਂ ਖੋਹਾਂ ਵਧ ਗਈਆਂ, ਕਿਸਾਨੀ ਕਰਜ਼ਾ ਮੁਆਫ਼ੀ ਬਾਰੇ ਕੈਪਟਨ ਸਿਰਫ਼ ਐਲਾਨਾਂ ਤਕ ਸੀਮਤ ਹਨ, ਜ਼ਮੀਨ ‘ਤੇ ਕੁੱਝ ਨਹੀਂ ਕੀਤਾ। ਸ. ਬਾਦਲ ਨੇ ਕਿਹਾ ਕਿ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਬਾਰੇ ਮਾਹਰ ਟੀ. ਹੱਕ ਦੀ ਰੀਪੋਰਟ ਸਿਰਫ਼ ਇਕ ਲਿਫ਼ਾਫ਼ੇਬਾਜ਼ੀ ਹੋਵੇਗੀ, ਅਸਲੀਅਤ ਤੋਂ ਕੋਹਾਂ ਦੂਰ ਰਹਿਣ ਦਾ ਅੰਦੇਸ਼ਾ ਹੈ। ਮੌਜੂਦਾ ਹਾਲਤ ਇਹ ਹੈ ਕਿ ਡਿਫ਼ਾਲਟਰ ਕਿਸਾਨਾਂ ਦੀ ਫ਼ੋਟੋ ਬੈਂਕਾਂ ਵਿਚ ਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ, ਖ਼ਾਤਿਆਂ ਵਿਚ ਆੜ੍ਹਤੀ ਤੇ ਬੈਂਕਾਂ ਵਾਲੇ ਦਿਨ ਬਦਿਨ ਅੰਕੜੇ ਵਧਾਈ ਜਾ ਰਹੇ ਹਨ ਜਦਕਿ ਸਰਕਾਰ ਦੇ ਲਾਰਿਆਂ ਤੋਂ ਪ੍ਰੇਸ਼ਾਨ ਹੋ ਕੇ ਗ਼ਰੀਬ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਧ ਰਹੀਆਂ ਹਨ।

Facebook Comments

POST A COMMENT.

Enable Google Transliteration.(To type in English, press Ctrl+g)