ਜੈਤੋ ਵਿੱਚ ਉਦਯੋਗਪਤੀ ਨੂੰ ਦਿਨ-ਦਿਹਾੜੇ ਮਾਰੀਆਂ ਗੋਲੀਆਂ

Jaito-trader-gunned-down-outside-mill

ਜੈਤੋ, 29 ਜੁਲਾਈ (ਏਜੰਸੀ) : ਇੱਥੋਂ ਦੇ ਉਦਯੋਗਪਤੀ ਰਵਿੰਦਰ ਕੋਛੜ (ਪੱਪੂ) ਨੂੰ ਅੱਜ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਮਹੀਨਾ ਦੇਣ ਤੋਂ ਇਨਕਾਰੀ ਸਨਅਤਕਾਰ ਤੇ ਗੈਂਗਸਟਰਾਂ ਵਿਚਾਲੇ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਸੀਸੀਟੀਵੀ ਦੇ ਫੁਟੇਜ ਮੁਤਾਬਿਕ ਵਾਰਦਾਤ ਬਾਅਦ ਦੁਪਹਿਰ ਕਰੀਬ ਸਵਾ ਕੁ ਤਿੰਨ ਵਜੇ ਬਾਜਾਖਾਨਾ ਰੋਡ ’ਤੇ ਸਥਿਤ ਰਵਿੰਦਰ ਕੋਛੜ ਦੀ ਪੱਪੂ ਰਾਈਸ ਮਿੱਲ ਦੇ ਗੇਟ ਅੱਗੇ ਵਾਪਰੀ। 57 ਸਾਲਾ ਰਵਿੰਦਰ ਕੋਛੜ ਆਪਣੀ ਕਰੂਜ਼ਰ ਕਾਰ (ਪੀ.ਯੂ.ਯੂ-0007) ’ਚ ਆਪਣੇ ਘਰੋਂ ਸ਼ੈੱਲਰ ਵੱਲ ਜਾ ਰਿਹਾ ਸੀ। ਉਸ ਦੀ ਕਾਰ ਸ਼ੈੱਲਰ ਨੇੜੇ ਪਹੁੰਚੀ ਤਾਂ ਸਾਹਮਣਿਓਂ ਬਾਜਾਖਾਨਾ ਵੱਲੋਂ ਆ ਕੇ ਸ਼ਹਿਰ ਵੱਲ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ ਉਸ ਦੀ ਕਾਰ ਕੋਲੋਂ ਲੰਘੀ। ਸ਼ੈੱਲਰ ਮਾਲਕ ਨੇ ਗੇਟ ਅੱਗੇ ਗੱਡੀ ਰੋਕ ਕੇ ਗੇਟਮੈਨ ਨੂੰ ਦਰਵਾਜ਼ਾ ਖੋਲ੍ਹਣ ਲਈ ਇਸ਼ਾਰਾ ਕੀਤਾ ਹੀ ਸੀ ਕਿ ਪਿੱਛਿਓਂ ਉਹੀ ਡਿਜ਼ਾਇਰ ਗੱਡੀ ਵੀ ਉਥੇ ਆ ਕੇ ਰੁਕ ਗਈ ਤੇ ਕਾਰ ਸਵਾਰ ਹਥਿਆਰਬੰਦ ਵਿਅਕਤੀ ਕੋਛੜ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ।

ਸੂਚਨਾ ਮਿਲਣ ਮਗਰੋਂ ਐੱਸਐੱਸਪੀ ਫਰੀਦਕੋਟ ਡਾ. ਨਾਨਕ ਸਿੰਘ, ਐਸਪੀ (ਡੀ) ਸੇਵਾ ਸਿੰਘ ਮੱਲ੍ਹੀ, ਡੀਐੱਸਪੀ ਜੈਤੋ ਬਲਜਿੰਦਰ ਸਿੰਘ ਸੰਧੂ, ਡੀਐੱਸਪੀ ਫ਼ਰੀਦਕੋਟ ਸੁਖਦੇਵ ਸਿੰਘ ਬਰਾੜ, ਐੱਸਐੱਚਓ ਜੈਤੋ ਸੁਨੀਲ ਕੁਮਾਰ ਸ਼ਰਮਾ ਸਮੇਤ ਵੱਡੀ ਪੁਲੀਸ ਪਾਰਟੀ ਸਮੇਤ ਉਥੇ ਪਹੁੰਚੇ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਘਟਨਾ ਬਾਰੇ ਕੋਈ ਟਿੱਪਣੀ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਇਸੇ ਦੌਰਾਨ ਮਰਹੂਮ ਸਨਅਤਕਾਰ ਦੇ ਭਰਾ ਨਰਿੰਦਰ ਕੁਮਾਰ ਕੋਛੜ ਨੇ ਪੁਲੀਸ ਅਧਿਕਾਰੀਆਂ ਕੋਲ ਰੋਸ ਜਤਾਇਆ ਕਿ ਸਥਿਤੀ ਤੋਂ ਜਾਣੂ ਹੁੰਦਿਆਂ ਵੀ ਪੁਲੀਸ ਨੇ ਉਸ ਦੇ ਭਰਾ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਲੰਘੀ 7 ਫਰਵਰੀ ਨੂੰ ਮਰਹੂਮ ਸ੍ਰੀ ਕੋਛੜ ਦੇ ਸ਼ੈੱਲਰ ਤੋਂ ਗੈਂਗਸਟਰਾਂ ਵੱਲੋਂ ਉਹੋ ਕਾਰ ਖੋਹੀ ਗਈ ਸੀ, ਜਿਸ ’ਤੇ ਘਟਨਾ ਵਕਤ ਅੱਜ ਸ੍ਰੀ ਕੋਛੜ ਸਵਾਰ ਸਨ। ਬਾਅਦ ਵਿੱਚ ਕਈ ਦਿਨਾਂ ਬਾਅਦ ਇਹ ਕਾਰ ਮੋਗੇ ਜ਼ਿਲ੍ਹੇ ‘ਚੋਂ ਲਾਵਾਰਸ ਹਾਲਤ ਵਿੱਚ ਮਿਲੀ ਸੀ। ਉਸ ਖੋਹ ਦੇ ਸਬੰਧ ’ਚ ਤਿੰਨ ਗੈਂਗਸਟਰਾਂ ’ਤੇ ਕੇਸ ਦਰਜ ਹੋਇਆ ਸੀ ਜਿਨ੍ਹਾਂ ’ਚੋਂ ਦੋ ਦੀ ਕੁਝ ਦਿਨ ਪਹਿਲਾਂ ਪੁਲੀਸ ਮੁਕਾਬਲੇ ਵਿਚ ਮੌਤ ਹੋ ਗਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)