ਹੈਲਥਕੇਅਰ ਬਿੱਲ ‘ਤੇ ਅਮਰੀਕੀ ਸੰਸਦ ‘ਚ ਟਰੰਪ ਨੂੰ ਮੁੜ ਝਟਕਾ

donald-trump

ਵਾਸ਼ਿੰਗਟਨ, 19 ਜੁਲਾਈ (ਏਜੰਸੀ) : ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸ਼ੁਰੂ ਕੀਤੇ ਗਏ ਓਬਾਮਾ ਕੇਅਰ ਨੂੰ ਖ਼ਤਮ ਕਰ ਕੇ ਨਵੀਂ ਹੈਲਥਕੇਅਰ ਪਾਲਿਸੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਮੋਰਚੇ ‘ਤੇ ਮੁੜ ਨਿਰਾਸ਼ਾ ਹੱਥ ਲੱਗੀ ਹੈ। ਓਬਾਮਾ ਕੇਅਰ ਨੂੰ ਸਮਾਪਤ ਕਰਨ ਅਤੇ ਉਸ ਨੂੰ ਬਦਲਣ ਦਾ ਪ੍ਰਸਤਾਵ ਅਮਰੀਕੀ ਸੰਸਦ ‘ਚ ਪਾਸ ਨਹੀਂ ਹੋ ਸਕਿਆ। ਇਸ ਘਟਨਾਕ੍ਰਮ ਤੋਂ ਨਾਰਾਜ਼ ਟਰੰਪ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਉਨ੍ਹਾਂ ਨੇ ਇਸ ਲਈ ਡੈਮੋਕ੍ਰੇਟਸ ਅਤੇ ਆਪਣੀ ਰਿਪਬਲਿਕਨ ਪਾਰਟੀ ਦੇ ਕੁੱਝ ਸੰਸਦ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਓਬਾਮਾ ਕੇਅਰ ਨੂੰ ਖ਼ਤਮ ਕਰਨਾ ਟਰੰਪ ਦੀ ਚੋਣ ਮੁਹਿੰਮਾਂ ਦੇ ਮਹੱਤਵਪੂਰਨ ਮੁੱਦਿਆਂ ‘ਚੋਂ ਇਕ ਸੀ। ਟਰੰਪ ਨੇ ਆਪਣੇ ਟਵੀਟ ‘ਚ ਕਿਹਾ, ”ਸਾਨੂੰ ਸਾਰੇ ਡੈਮੋਕ੍ਰੇਟਸ ਅਤੇ ਕੁੱਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਨਿਰਾਸ਼ ਕੀਤਾ ਹੈ। ਜ਼ਿਆਦਾਤਰ ਰਿਪਬਲਿਕਨ ਵਫ਼ਾਦਾਰ ਸੀ ਅਤੇ ਉਨ੍ਹਾਂ ਨੇ ਇਸ ਲਈ ਸਖ਼ਤ ਮਿਹਨਤ ਕੀਤੀ। ਅਸੀਂ ਹਾਰ ਨਹੀਂ ਮੰਨੀ, ਅਸੀਂ ਵਾਪਸ ਪਰਤਾਂਗੇ।” ਇਕ ਹੋਰ ਟਵੀਟ ‘ਚ ਉਨ੍ਹਾਂ ਲਿਖਿਆ, ”ਮੈਂ ਹਮੇਸ਼ਾਂ ਤੋਂ ਕਹਿੰਦਾ ਰਿਹਾ ਹਾਂ, ਓਬਾਮਾ ਕੇਅਰ ਨੂੰ ਨਾਕਾਮ ਹੋ ਜਾਣ ਦਿਓ ਅਤੇ ਮੁੜ ਸਾਰੇ ਮਿਲ ਕੇ ਇਕ ਬਿਹਤਰ ਹੈਲਥ ਕੇਅਰ ਯੋਜਨਾ ਲੈ ਕੇ ਆਓ।”

ਟਰੰਪ ਨੇ ਅਮਰੀਕਨ ਸੰਸਦ ਦੇ ਫਿਲਿਬਸਟਰ ਤਜਵੀਜ਼ ਨੂੰ ਵੀ ਖ਼ਤਮ ਕਰਨ ਦੀ ਗੱਲ ਕਹੀ, ਜਿਸ ਤਹਿਤ ਕੁੱਝ ਬਿੱਲਾਂ ਨੂੰ ਪਾਸ ਕਰਨ ਲਈ 100 ਮੈਂਬਰੀ ਸੀਨੇਟ ‘ਚ 51 ਮਤਾਂ ਨੂੰ ਬਹੁਮਤ ਦੀ ਬਜਾਏ 60 ਮਤਾਂ ਦੀ ਲੋੜ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਓਬਾਮਾ ਕੇਅਰ ਨੂੰ ਰੱਦ ਕਰਨ ਲਈ ਬਿੱਲ ਸੰਸਦ ‘ਚ ਪੇਸ਼ ਕੀਤਾ ਗਿਆ ਸੀ, ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ।

Facebook Comments

POST A COMMENT.

Enable Google Transliteration.(To type in English, press Ctrl+g)