ਪੁਲੀਸ ਘੇਰੇ ’ਚ ਆਏ ਤਿੰਨ ਗੈਂਗਸਟਰਾਂ ਵੱਲੋਂ ਖ਼ੁਦਕੁਸ਼ੀ


ਡੱਬਵਾਲੀ, 13 ਜੂਨ (ਏਜੰਸੀ) : ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਵੱਲੋਂ ਅੱਜ ਤੜਕੇ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਕੀਤੀ ਸਾਂਝੀ ਕਾਰਵਾਈ ਦੌਰਾਨ ਘਿਰੇ ਪੰਜਾਬ ਦੇ ਤਿੰਨ ਗੈਂਗਸਟਰਾਂ ਨੇ ਖੁ਼ਦ ਨੂੰ ਗੋਲੀਆਂ ਮਾਰ ਕੇ ਖੁ਼ਦਕੁਸ਼ੀ ਕਰ ਲਈ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ਼ ਬੰਟੀ ਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ। ਜਸਪ੍ਰੀਤ ਤੇ ਕੰਵਲਜੀਤ ਢਾਣੀ ਵਿੱਚ ਬਣੇ ਮਕਾਨ ਦੀ ਛੱਤ ’ਤੇ ਮ੍ਰਿਤਕ ਪਾਏ ਗਏ ਜਦੋਂਕਿ ਨਿਸ਼ਾਨ ਸਿੰਘ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜਿਆ। ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਇਹ ਤਿੰਨੇ ਗੈਂਗਸਟਰ ਅੱਜ-ਕੱਲ੍ਹ ‘ਜਿੰਮੀ ਡੌਨ’ ਗੈਂਗ ਨਾਂ ਹੇਠ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਤਿੰਨੇ ਗੈਂਗਸਟਰਾਂ ਨੇ ਪੁਲੀਸ ਦਾ ਘੇਰਾ ਪੈਣ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਜਾਂ ਆਪਸ ’ਚ ਗੋਲੀ ਮਾਰ ਕੇ ਜਾਨ ਦੇ ਦਿੱਤੀ।

ਇਸ ਦੌਰਾਨ ਖ਼ਬਰ ਏਜੰਸੀ ‘ਵਾਰਤਾ’ ਮੁਤਾਬਕ ਤਿੰਨੇ ਗੈਂਗਸਟਰ ਪੁਲੀਸ ਨਾਲ ਹੋਏ ਮੁਕਾਬਲੇ ’ਚ ਮਾਰੇ ਗਏ ਹਨ। ਪੁਲੀਸ ਨੇ ਮਕਾਨ ਮਾਲਕ ਨੌਜਵਾਨ ਸੁਖਪਾਲ ਸਿੰਘ ਤੇ ਉਸ ਦੀ ਮਾਤਾ ਪਰਮਜੀਤ ਸਿੰੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਤਿੰਨੇ ਗੈਂਗਸਟਰਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਤਲ, ਡਕੈਤੀ ਅਤੇ ਅਗਵਾ ਦੇ ਦਰਜਨ ਤੋਂ ਵੱਧ ਕੇਸ ਦਰਜ ਹਨ। ਚੌਟਾਲਾ ਵਿੱਚ ਵਾਪਰੇ ਦੋਹਰੇ ਕਤਲ ਵਿੱਚ ਇਸੇ ਗੈਂਗ ਦਾ ਹੱਥ ਸੀ। ਜਾਣਕਾਰੀ ਅਨੁਸਾਰ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਤਿੰਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਫਰੀਦਕੋਟ ਪੁਲੀਸ ਕਈ ਦਿਨਾਂ ਤੋਂ ਇਨ੍ਹਾਂ ਦੀ ਪੈੜ ਨੱਪ ਰਹੀ ਸੀ। ਪੁਲੀਸ ਨੂੰ ਸੂਹ ਮਿਲੀ ਸੀ ਕਿ ਤਿੰਨੇ ਗੈਂਗਸਟਰ ਬੀਤੀ ਰਾਤ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਢਾਣੀ ਸੁਖਪਾਲ ਸਿੰਘ (ਸੁਖੇਰਾਖੇੜਾ) ਪੁੱਜੇ ਹਨ।

ਅੱਜ ਤੜਕੇ 5 ਵਜੇ ਦੇ ਕਰੀਬ ਸੀਆਈਏ ਸਟਾਫ਼ ਫਰੀਦਕੋਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਚੌਟਾਲਾ ਚੌਕੀ ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ 22 ਮੈਂਬਰੀ ਟੀਮ ਨੇ ਕਿਸਾਨ ਸੁਖਪਾਲ ਸਿੰਘ ਦੇ ਖੇਤ ਵਿਚਲੇ ਮਕਾਨ ਨੂੰ ਘੇਰ ਪਾ ਲਿਆ। ਪੁਲੀਸ ਵੱਲੋਂ ਦਿੱਤੀ ਚੇਤਾਵਨੀ ਦੇ ਬਾਵਜੂਦ ਗੈਂਗਸਟਰਾਂ ਨੇ ਮਕਾਨ ਉੱਪਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਪੁਲੀਸ ਨੇ ਵੀ ਫਾਇਰਿੰਗ ਕੀਤੀ। ਫਾਇਰਿੰਗ ਰੁਕਣ ’ਤੇ ਮਕਾਨ ਉੱਪਰੋਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਪੁਲੀਸ ਨੇ ਜਦੋਂ ਮਕਾਨ ਉੱਪਰ ਜਾ ਕੇ ਵੇਖਿਆ ਤਾਂ ਜਸਪ੍ਰੀਤ ਸਿੰਘ ਜਿੰਮੀ ਵਾਸੀ ਰੋੜੀ ਕਪੂਰਾ ਅਤੇ ਕੰਵਲਜੀਤ ਸਿੰਘ ਉਰਫ਼ ਬੰਟੀ ਵਾਸੀ ਹਿੰਮਤਪੁਰਾ ਬਸਤੀ, ਜੈਤੋ ਮ੍ਰਿਤਕ ਪਏ ਸਨ। ਇਨ੍ਹਾਂ ਦਾ ਤੀਸਰਾ ਸਾਥੀ ਨਿਸ਼ਾਨ ਸਿੰਘ ਵਾਸੀ ਰੁੱਕਨਵਾਲਾ ਛਾਤੀ ’ਚ ਗੋਲੀ ਲੱਗਣ ਕਰਕੇ ਜ਼ਖ਼ਮੀ ਸੀ। ਪੁਲੀਸ ਵੱਲੋਂ ਡੱਬਵਾਲੀ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਵੀ ਦਮ ਤੋੜ ਦਿੱਤਾ।

ਬਠਿੰਡਾ ਜ਼ੋਨ ਦੇ ਆਈਜੀ ਐਮ.ਐਸ ਛੀਨਾ ਨੇ ਮਗਰੋਂ ਡੱਬਵਾਲੀ ਦੇ ਪੀਡਬਿਲਿਊਡੀ ਰੈਸਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਪੁਲੀਸ ਨੇ ਸਾਰੇ ਆਪ੍ਰੇਸ਼ਨ ਨੂੰ ਚੌਕਸੀ ਨਾਲ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਮੁੱਢਲੇ ਹਾਲਾਤ ਅਨੁਸਾਰ ਪੁਲੀਸ ਘੇਰਾਬੰਦੀ ’ਚ ਫਸੇ ਜੰਪੀ ਅਤੇ ਬੰਟੀ ਨੇ ਪਹਿਲਾਂ ਖ਼ੁਦ ਨੂੰ ਗੋਲੀ ਮਾਰੀ ਅਤੇ ਜਦੋਂ ਨਿਸ਼ਾਨ ਸਿੰਘ ਉਥੋਂ ਭੱਜਣ ਲੱਗਾ ਤਾਂ ਉਨ੍ਹਾਂ ਉਹਦੀ ਛਾਤੀ ਵਿੱਚ ਵੀ ਗੋਲੀ ਮਾਰ ਦਿੱਤੀ। ਆਈਜੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮਕਾਨ ਮਾਲਕ ਸੁਖਪਾਲ ਸਿੰਘ ਦੀ ਭੂਮਿਕਾ ਵੀ ਸ਼ੱਕੀ ਜਾਪਦੀ ਹੈ। ਉਹ ਗੈਂਗਸਟਰਾਂ ਦੇ ਨਾਲ ਚੌਥੇ ਮੰਜੇ ’ਤੇ ਛੱਤ ਉੱਪਰ ਸੁੱਤਾ ਹੋਇਆ ਸੀ। ਪੁਲੀਸ ਨੇ ਗੈਂਗਸਟਰਾਂ ਦੀਆਂ ਲਾਸ਼ਾਂ ਕੋਲੋਂ ਇੱਕ 315 ਬੋਰ ਰਾਈਫ਼ਲ ਅਤੇ 6 ਜ਼ਿੰਦਾ ਕਾਰਤੂਸ, ਦੋ 30 ਬੋਰ ਪਿਸਟਲ, 4 ਚੱਲੇ ਤੇ 29 ਜ਼ਿੰਦਾ ਕਾਰਤੂਸ, 32 ਬੋਰ ਪਿਸਟਲ ਤੇ 6 ਚੱਲੇ ਅਤੇ 85 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਤੋਂ ਇਲਾਵਾ ਗੈਂਗਸਟਰਾਂ ਕੋਲੋਂ 20 ਹਜ਼ਾਰ ਰਪਏ ਨਗ਼ਦ ਅਤੇ ਸਕਾਰਪੀਓ ਗੱਡੀ ਵੀ ਬਰਾਮਦ ਹੋਈ ਹੈ। ਆਈਜੀ ਨੇ ਕਿਹਾ ਕਿ ਸਕਾਰਪੀਓ ਗੱਡੀ ਮੁਹਾਲੀ ਤੋਂ ਖੋਹੀ ਜਾਪਦੀ ਹੈ। ਗੱਡੀ ਦੇ ਬਾਹਰ ਪੀਬੀ12(ਟੀ) 4620 ਨੰਬਰ ਲਿਖਿਆ ਹੋਇਆ ਹੈ ਜਦੋਂਕਿ ਗੱਡੀ ਵਿਚੋਂ ਮਿਲੀ ਆਰਸੀ ’ਤੇ ਹੋਰ ਨੰਬਰ ਹੈ। ਗੱਡੀ ਵਿੱਚੋਂ ਵੱਖਰੇ ਨੰਬਰਾਂ ਵਾਲੀਆਂ ਪਲੇਟਾਂ ਵੀ ਮਿਲੀਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਮਕਾਨ ਮਾਲਕ ਸੁਖਪਾਲ ਦਾ ਮਸੇਰਾ ਭਰਾ ਸ਼ਰਨਦੀਪ ਸਿੰਘ ਸ਼ਰਨੀ ਇੱਕ ਦੋਹਰੇ ਕਤਲ ਕਾਂਡ ਵਿੱਚ ਲੁਧਿਆਣਾ ਜੇਲ੍ਹ ’ਚ ਬੰਦ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੁਲੀਸ ਘੇਰੇ ’ਚ ਆਏ ਤਿੰਨ ਗੈਂਗਸਟਰਾਂ ਵੱਲੋਂ ਖ਼ੁਦਕੁਸ਼ੀ