ਪੈਰਿਸ ਪੌਣਪਾਣੀ ਸਮਝੌਤੇ ਤੋਂ ਅਲੱਗ ਹੋਇਆ ਅਮਰੀਕਾ

ਵਾਸ਼ਿੰਗਟਨ, 2 ਜੂਨ (ਏਜੰਸੀ) : ਅਮਰੀਕਾ ਨੇ ਪੈਰਿਸ ਪੌਣਪਾਣੀ ਸਮਝੌਤੇ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ। ਇਸ ਸਬੰਧੀ ਐਲਾਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੌਰਾਨ 190 ਦੇਸ਼ਾਂ ਨਾਲ ਕੀਤੇ ਗਏ ਇਸ ਸਮਝੌਤੇ ‘ਤੇ ਮੁੜ ਗੱਲਬਾਤ ਕਰਨ ਦੀ ਲੋੜ ਹੈ। ਚੀਨ ਅਤੇ ਭਾਰਤ ਜਿਹੇ ਮੁਲਕਾਂ ਨੂੰ ਪੈਰਿਸ ਪੌਣਪਾਣੀ ਸਮਝੌਤੇ ਨਾਲ ਸਭ ਤੋਂ ਵੱਧ ਲਾਭ ਹੋਣ ਦੀ ਦਲੀਲ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਪੌਣਪਾਣੀ ਤਬਦੀਲੀ ‘ਤੇ ਸਮਝੌਤਾ ਅਮਰੀਕਾ ਲਈ ਢੁਕਵਾਂ ਨਹੀਂ ਹੈ, ਕਿਉਂਕਿ ਇਸ ਨਾਲ ਉਦਯੋਗਾਂ ਅਤੇ ਰੋਜ਼ਗਾਰ ‘ਤੇ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪੈਰਿਸ ਸਮਝੌਤੇ ਦੇ ਤਹਿਤ ਆਪਣੀਆਂ ਪ੍ਰਤੀਬੱਧਤਾਵਾਂ ਪੂਰੀਆਂ ਕਰਨ ਲਈ ਅਰਬਾਂ ਡਾਲਰ ਮਿਲਣਗੇ ਅਤੇ ਚੀਨ ਨਾਲ ਉਹ ਆਉਣ ਵਾਲੇ ਕੁਝ ਸਾਲਾਂ ਵਿੱਚ ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟਾਂ ਨੂੰ ਦੁੱਗਣਾ ਕਰਕੇ ਅਮਰੀਕਾ ‘ਤੇ ਵਿੱਤੀ ਵਾਧਾ ਹਾਸਲ ਕਰ ਲਵੇਗਾ।

ਵਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਇਸ ਫ਼ੈਸਲਾ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਪਿਟਸਬਰਗ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ ਨਾ ਕਿ ਪੈਰਿਸ ਦੀ। ਉਨ੍ਹਾਂ ਨੇ ਕਿਹਾ ਕਿਹਾ ਕਿ ਅਮਰੀਕਾ ਦੇ ਕਾਰੋਬਾਰੀ ਅਤੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਇਹ ਫ਼ੈਸਲਾ ਲੈ ਰਹੇ ਹਨ। ਉਨ੍ਹਾਂ ਕਿਹਾ, ”ਅਸੀਂ ਇਸ ਸਮਝੌਤੇ ਤੋਂ ਬਾਹਰ ਹੋ ਰਹੇ ਹਾਂ, ਪਰ ਫਿਰ ਤੋਂ ਗੱਲਬਾਤ ਸ਼ੁਰੂ ਕਰਾਂਗੇ ਅਤੇ ਅਸੀਂ ਦੇਖਾਂਗੇ ਕਿ ਕੀ ਅਸੀਂ ਇੱਕ ਅਜਿਹਾ ਸਮਝੌਤਾ ਕਰ ਸਕਦੇ ਹਾਂ, ਜੋ ਸਾਰਿਆਂ ਲਈ ਢੁਕਵਾਂ ਹੋਵੇ। ਜੇਕਰ ਅਸੀਂ ਕਰ ਸਕਾਂਗੇ ਤਾਂ ਇਹ ਚੰਗਾ ਹੋਵੇਗਾ ਅਤੇ ਜੇਕਰ ਨਹੀਂ ਕਰ ਸਕਾਂਗੇ ਤਾਂ ਵੀ ਕੋਈ ਗੱਲ ਨਹੀਂ। ਰਾਸ਼ਟਰਪਤੀ ਦੇ ਤੌਰ ‘ਤੇ ਮੈਂ ਅਮਰੀਕੀ ਨਾਗਰਿਕਾਂ ਦੇ ਭਲੇ ਤੋਂ ਪਹਿਲਾਂ ਕਿਸੇ ਹੋਰ ਚੀਜ਼ ਦੇ ਸਬੰਧ ਵਿੱਚ ਨਹੀਂ ਸੋਚ ਸਕਦਾ।”

ਗ਼ਲਤ ਹਨ ਟਰੰਪ-ਅਮਰੀਕਾ ਨੇ 60 ਸਾਲਾਂ ‘ਚ ਭਾਰਤ ਤੋਂ 10 ਗੁਣਾ ਵੱਧ ਪੈਦਾ ਕੀਤਾ ਪ੍ਰਦੂਸ਼ਣ : ਅਮਰੀਕਾ ਨੇ ਪੈਰਿਸ ਪੌਣਪਾਣੀ ਸਮਝੌਤੇ ਤੋਂ ਖੁਦ ਨੂੰ ਅਲੱਗ ਕਰ ਰਿਹਾ ਹੈ ਤੇ ਟਰੰਪ ਨੇ ਕਿਹਾ ਹੈ ਕਿ ਇਸ ਸਮਝੌਤੇ ਨਾਲ ਭਾਰਤ ਅਤੇ ਚੀਨ ਦੇ ਹਿੱਤਾਂ ਦਾ ਲਾਭ ਹੋਵੇਗਾ। ਪਰ ਇਤਿਹਾਸਕ ਤੌਰ ‘ਤੇ ਅਮਰੀਕਾ ਵੱਲੋਂ ਗ੍ਰੀਨ ਹਾਊਸ ਗੈਸਾਂ ਦੀ ਸਭ ਤੋਂ ਵੱਧ ਨਿਕਾਸੀ ਕੀਤੀ ਜਾਂਦੀ ਹੈ। ਟਰੰਪ ਨੇ ਕਿਹਾ ਹੈ, ”ਚੀਨ ਨੂੰ ਸੈਂਕੜੇ ਵਾਧੂ ਕੋਲਾ ਪਲਾਂਟ ਲਾਉਣ ਦੀ ਮਨਜ਼ੂਰੀ ਮਿਲੇਗੀ। ਇਸ ਸਮਝੌਤੇ ਦੇ ਤਹਿਤ ਅਸੀਂ ਪਲਾਂਟ ਨਹੀਂ ਲਾ ਸਕਦੇ, ਉਹ ਲਾ ਸਕਦੇ ਹਨ। ਭਾਰਤ ਨੂੰ 2020 ਤੱਕ ਆਪਣੇ ਕੋਲਾ ਪੈਦਾਵਾਰ ਨੂੰ ਦੁੱਗਣੀ ਕਰਨ ਦੀ ਆਗਿਆ ਮਿਲੇਗੀ।”

ਨਿਊ ਕਲਾਈਮੇਟ ਇੰਸਟੀਚਿਊਟ ਦੀ ਸਥਾਪਨਾ ਕਰਨ ਵਾਲੇ ਨੀਦਰਲੈਂਡ ਦੀ ਵਾਗਨੇਨਿੰਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਨਿਕਲਸ ਹੋਹਨੇ ਨੇ ਦੱਸਿਆ, ”ਇੱਕ ਵਿਗਿਆਨੀ ਹੋਣ ਦੇ ਨਾਤੇ ਜੋ ਗ਼ਲਤ ਦਾਅਵੇ ਟਰੰਪ ਨੇ ਕੀਤੇ ਉਨ੍ਹਾਂ ਤੋਂ ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਕੋਲਾ ਪੈਦਾਵਾਰ ਦੁੱਗਣੀ ਕਰ ਸਕਦਾ ਹੈ, ਪਰ ਭਾਰਤ ਕੋਲੇ ਦੀ ਵਰਤੋਂ ਦੇ ਵਿਕਾਸ ਵਿੱਚ ਲਗਾਤਾਰ ਕਮੀ ਕਰ ਰਿਹਾ ਹੈ।” ਭਾਰਤ ਨੇ ਸਮਝੌਤੇ ਵਿੱਚ ਇਹ ਕਿਹਾ ਹੈ ਕਿ ਉਹ 2030 ਤੱਕ ਹਰ ਇਕਨਾਮਿਕ ਆਊਟਪੁੱਟ ਤੋਂ ਅਮਿਸ਼ਨ ਵਿੱਚ 33 ਤੋਂ 35 ਫੀਸਦੀ ਤੱਕ ਦੀ ਗਿਰਾਵਟ ਲਿਆਵੇਗਾ। ਭਾਰਤ ਨੇ ਸਮਝੌਤੇ ਵਿੱਚ ਆਪਣੇ ਟੀਚਿਆਂ ਦੀ ਪੂਰਤੀ ਲਈ ਵਿਦੇਸ਼ਾਂ ਤੋਂ ਆਰਥਿਕ ਮਦਦ ਦਾ ਜ਼ਿਕਰ ਵੀ ਕੀਤਾ ਹੈ।

Leave a Reply

Your email address will not be published.