ਕੈਨੇਡਾ ਵਿਚ ਪਹਿਲੀ ਦਸਤਾਰਧਾਰੀ ਜੱਜ ਬਣੀ ਪਲਬਿੰਦਰ ਕੌਰ ਸ਼ੇਰਗਿੱਲ

nri

ਵੈਨਕੂਵਰ, 24 ਜੂਨ (ਏਜੰਸੀ) : ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕੈਨੇਡਾ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਕਈ ਮੁਕੱਦਮੇ ਲੜੇ ਹਨ। ਕੈਨੇਡਾ ਦੀ ਨਿਆਂ ਮੰਤਰੀ ਮੰਤਰੀ ਅਤੇ ਅਟਾਰਨੀ ਜਨਰਲ ਜੌਡੀ ਵਿਲਸਨ ਰੇਬੋਲਡ ਨੇ ਪਲਬਿੰਦਰ ਕੌਰ ਦੀ ਨਿਯੁਕਤੀ ਬਾਰੇ ਐਲਾਨ ਕੀਤਾ ਜੋ ਤੁਰਤ ਲਾਗੂ ਹੋ ਗਈ। ਜਸਟਿਸ ਸ਼ੇਰਗਿੱਲ ਬੀਤੀ 31 ਮਈ ਨੂੰ ਸੇਵਾ ਮੁਕਤ ਹੋਣ ਵਾਲੇ ਜਸਟਿਸ ਆਰਨੌਲਡ ਬੈਲੇ ਦੀ ਥਾਂ ਲਵੇਗੀ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਪਲਬਿੰਦਰ ਕੌਰ ਸ਼ੇਰਗਿੱਲ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਇਸ ਨੂੰ ਸਿੱਖਾਂ ਲਈ ਇਤਿਹਾਸਕ ਕਰਾਰ ਦਿਤਾ ਹੈ। ਜਥੇਬੰਦੀ ਦੇ ਮੁਖੀ ਮੁਖਬੀਰ ਸਿੰਘ ਨੇ ਕਿਹਾ, ”ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਦਸਤਾਰਧਾਰੀ ਮਹਿਲਾ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬਣਾਇਆ ਗਿਆ ਹੈ।” ਜਸਟਿਸ ਪਲਬਿੰਦਰ ਕੌਰ ਨੂੰ ਸਮਾਜ ਲਈ ਕੀਤੀਆਂ ਸੇਵਾਵਾਂ ਬਦਲੇ ਮਹਾਰਾਣੀ ਦੇ ਗੋਲਡਨ ਜੁਬਲੀ ਮੈਡਲ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ਅਤੇ 2012 ਵਿਚ ਉਨ੍ਹਾਂ ਨੂੰ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ। ਉਹ ਸਰੀ ਸ਼ਹਿਰ ਵਿਚ ਅਪਣੇ ਪਤੀ, ਬੇਟੀ ਅਤੇ ਦੋ ਬੇਟਿਆਂ ਨਾਲ ਰਹਿੰਦੇ ਹਨ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਵਿਚ ਜਨਮੀ ਪਲਬਿੰਦਰ ਕੌਰ ਕੈਨੇਡਾ ਦੇ ਮੰਨੇ-ਪ੍ਰਮੰਨੇ ਵਕੀਲਾਂ ਵਿਚੋਂ ਇਕ ਹੈ।

Facebook Comments

POST A COMMENT.

Enable Google Transliteration.(To type in English, press Ctrl+g)