ਕੁੰਬਲੇ-ਕੋਹਲੀ ਵਿਵਾਦ ਨੂੰ ਸਹੀ ਤਰੀਕੇ ਨਾਲ ਨਹੀਂ ਸਾਂਭਿਆ : ਗਾਂਗੁਲੀ


ਕੋਲਕਾਤਾ, 28 ਜੂਨ (ਏਜੰਸੀ) : ਸਾਬਕਾ ਭਾਰਤੀ ਕਪਤਾਨ ਤੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ’ਚ ਕ੍ਰਿਕਟ ਸਲਾਹਕਾਰ ਕਮੇਟੀ(ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਤੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਵਿਵਾਦ ’ਤੇ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ ਗਿਆ। ਭਾਰਤੀ ਕ੍ਰਿਕਟ ਟੀਮ ਲਈ ਕੋਚ ਚੁਣਨ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀਏਸੀ ਨੇ ਹੀ ਪਿਛਲੇ ਸਾਲ ਸਾਬਕਾ ਕ੍ਰਿਕਟਰ ਕੁੰਬਲੇ ਨੂੰ ਕੋਚਿੰਗ ਦਾ ਲੋੜੀਂਦਾ ਤਜਰਬਾ ਨਾ ਹੋਣ ਦੇ ਬਾਵਜੂਦ ਤਰਜੀਹ ਦਿੰਦਿਆਂ ਕੌਮੀ ਟੀਮ ਦਾ ਮੁੱਖ ਕੋਚ ਥਾਪਿਆ ਸੀ। ਇਸ ਤਿੰਨ ਮੈਂਬਰੀ ਸਲਾਹਕਾਰ ਕਮੇਟੀ ਵਿੱਚ ਗਾਂਗੁਲੀ ਤੋਂ ਇਲਾਵਾ ਵੀਵੀਐਸ ਲਕਸ਼ਮਨ ਤੇ ਸਚਿਨ ਤੇਂਦੁਲਕਰ ਸ਼ਾਮਲ ਹਨ। ਗੌਰਤਲਬ ਹੈ ਕਿ ਕਪਤਾਨ ਵਿਰਾਟ ਕੋਹਲੀ ਨਾਲ ਵਖਰੇਵਿਆਂ ਤੇ ਵਿਵਾਦ ਦੇ ਚਲਦਿਆਂ ਚੈਂਪੀਅਨਜ਼ ਟਰਾਫ਼ੀ ਤੋਂ ਫੌਰੀ ਬਾਅਦ ਆਪਣਾ ਕਾਰਜਕਾਲ ਮੁੱਕਦਿਆਂ ਹੀ ਕੁੰਬਲੇ ਨੇ ਲੰਡਨ ਵਿੱਚ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ।

ਗਾਂਗੁਲੀ ਨੇ ਅੱਜ ਪਹਿਲੀ ਵਾਰ ਇਸ ਮਾਮਲੇ ’ਤੇ ਕੋਈ ਟਿੱਪਣੀ ਕੀਤੀ ਹੈ। ਸਾਬਕਾ ਕਪਤਾਨ ਨੇ ਕਿਹਾ ਕਿ ਜੋ ਕੋਈ ਵੀ ਕੋਚ ਅਤੇ ਕਪਤਾਨ ਵਿਚਾਲੇ ਇਸ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ, ਉਸ ਨੇ ਇਸ ਨੂੰ ਬਾਖੂਬੀ ਨਹੀਂ ਨਿਭਾਇਆ। ਕਿਹਾ ਜਾਂਦਾ ਹੈ ਕਿ ਖੁ਼ਦ ਸੀਏਸੀ ਵੀ ਇਸ ਪੀਡੀ ਗੰਢ ਨੂੰ ਖੋਲ੍ਹਣ ਦਾ ਯਤਨ ਕਰਦੀ ਰਹੀ, ਪਰ ਵਿਰਾਟ ਨਾਲ ਗੱਲਬਾਤ ਮਗਰੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਇਸ ਮੁੱਦੇ ਨੂੰ ਸੁਲਝਾਉਣਾ ਸੰਭਵ ਨਹੀਂ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਗੁਲੀ ਨੇ ਕਿਹਾ,‘ਮੈਨੂੰ ਲਗਦਾ ਹੈ ਕਿ ਕੁੰਬਲੇ-ਕੋਹਲੀ ਵਿਵਾਦ ਨੂੰ ਬਿਹਤਰ ਢੰਗ ਨਾਲ ਸੁਲਝਾਇਆ ਜਾ ਸਕਦਾ ਸੀ। ਇਸ ਮਾਮਲੇ ਨੂੰ ਗ਼ਲਤ ਨਜ਼ਰੀਏ ਤੋਂ ਵੇਖਿਆ ਗਿਆ ਹੈ।’ ਇਸ ਤੋਂ ਪਹਿਲਾਂ ਲੰਘੇ ਐਤਵਾਰ ਨੂੰ ਗਾਂਗੁਲੀ ਨੇ ਬੀਸੀਸੀਆਈ ਪ੍ਰਸ਼ਾਸਕਾਂ ਦੀ ਕਮੇਟੀ ਤੇ ਰਾਜ ਐਸੋਸੀਏਸ਼ਨਾਂ ਦੀ ਮੀਟਿੰਗ ਵਿੱਚ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਸੀਏਸੀ ਨੇ ਇਸ ਵਿਵਾਦ ਨੂੰ ਸੰਜੀਦਗੀ ਨਾਲ ਨਹੀਂ ਲਿਆ।

ਭਾਰਤੀ ਟੀਮ ਦੇ ਸਾਬਕਾ ਮੈਨੇਜਰ ਰਵੀ ਸ਼ਾਸਤਰੀ ਵੱਲੋਂ ਕੋਚ ਦੇ ਅਹੁਦੇ ਲਈ ਅਰਜ਼ੀ ਦੇਣ ਬਾਰੇ ਪੁੱਛੇ ਜਾਣ ’ਤੇ ਗਾਂਗੁਲੀ ਨੇ ਕਿਹਾ ਕੋਚ ਦੀ ਚੋਣ ਇਕ ਖੁੱਲ੍ਹਾ ਅਮਲ ਹੈ ਜਿਸ ਲਈ ਕੋਈ ਵੀ ਅਰਜ਼ੀ ਦੇ ਸਕਦਾ ਹੈ। ਗਾਂਗੁਲੀ ਨੇ ਕਿਹਾ ਕਿ ਜੇਕਰ ਉਹ ਖੁ਼ਦ ਪ੍ਰਸ਼ਾਸਕ ਨਾ ਹੁੰਦੇ ਤਾਂ ਉਹ ਵੀ ਅਰਜ਼ੀ ਦੇ ਸਕਦੇ ਸੀ। ਸ਼ਾਸਤਰੀ ਤੋਂ ਪਹਿਲਾਂ ਜਿਹੜੇ ਮੁੱਖ ਕੋਚ ਦੇ ਅਹੁਦੇ ਦੀ ਦੌੜ ’ਚ ਹਨ, ਉਨ੍ਹਾਂ ’ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ, ਟੌਮ ਮੂਡੀ, ਰਿਚਰਡ ਪਾਇਬਸ ਤੇ ਲਾਲ ਚੰਦ ਰਾਜਪੂਤ ਸ਼ਾਮਲ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੁੰਬਲੇ-ਕੋਹਲੀ ਵਿਵਾਦ ਨੂੰ ਸਹੀ ਤਰੀਕੇ ਨਾਲ ਨਹੀਂ ਸਾਂਭਿਆ : ਗਾਂਗੁਲੀ