ਪੰਜਾਬ ਭਰ ‘ਚ ਅੰਦੋਲਨ ਕਰਾਂਗੇ : ਕੇਜਰੀਵਾਲ


ਅੰਮ੍ਰਿਤਸਰ, 29 ਮਈ (ਏਜੰਸੀ) : ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੂੰ ਕਾਂਗਰਸੀ ਵਰਕਰਾਂ ਨੇ ਕਾਲੀਆਂ ਝੰਡਾ ਵਿਖਾ ਕੇ ਰੋਸ ਪ੍ਰਦਰਸ਼ਨ ਕਰਦਿਆਂ ‘ਕੇਜਰੀਵਾਲ ਵਾਪਸ ਜਾਉ ਤੇ ਕੇਜਰੀਵਾਲ ਮੁਰਦਾਬਾਦ’ ਦੇ ਨਾਹਰੇ ਲਾਏ। ਮੁਜ਼ਾਹਰੇ ਦੌਰਾਨ ਕਾਂਗਰਸੀਆਂ ਵਰਕਰਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ। ਕਾਂਗਰਸੀ ਮੁਜ਼ਾਹਰਾਕਾਰੀਆ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦਾ ਬੇੜਾ ਗਰਕ ਕੀਤਾ ਤੇ ਉਹ ਪੰਜਾਬ ਦਾ ਵੀ ਸਤਿਆਨਾਸ਼ ਕਰਨਾ ਚਾਹੁੰਦੇ ਹਨ। ਇਸ ਲਈ ਉਹ ਪੰਜਾਬ ‘ਚ ਨਾ ਆਵੇ।

ਕਾਂਗਰਸੀਆਂ ਵਰਕਰਾਂ ਨੇ ਦੋਸ਼ ਲਾਇਆ ਕਿ ਸੰਗੀਨ ਘਪਲਿਆਂ ‘ਚ ਘਿਰੇ ਕੇਜਰੀਵਾਲ ਤੁਰਤ ਅਸਤੀਫ਼ਾ ਦੇਵੇ। ਇਸ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਅਰਵਿੰਦ ਕੇਜਰੀਵਾਲ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪ੍ਰਰੇਨਾ ਸਰੋਤ ਹੈ ਅਤੇ ਗੁਰੂ ਜੀ ਦੇ ਮਾਰਗ ‘ਤੇ ਚੱਲਣ ਦੀ ਲੋੜ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪੁੱਜੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕੈਪਟਨ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਨਾ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਸਕੇ ਹਨ ਅਤੇ ਨਾ ਹੀ ਡਰੱਗਜ਼ ਤੋਂ ਮੁਕਤੀ ਦਿਵਾਈ ਗਈ ਹੈ।

ਕੇਜਰੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਜਨਤਕ ਤੌਰ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਉਹ ਕੀਤੇ ਵਾਅਦੇ ਮੁਤਾਬਕ ਚੋਣ ਮੈਨੀਫ਼ੈਸਟੋ ਲਾਗੂ ਕਰਨ ‘ਚ ਬੁਰੀ ਤਰ੍ਹਾਂ ਫ਼ੇਲ੍ਹ ਰਹੇ ਹਨ। ਕੇਜਰੀਵਾਲ ਨੇ ਕਾਂਗਰਸ ਨੂੰ ਚਿਤਾਵਨੀ ਦਿਤੀ ਕਿ ਜੇਕਰ ਇਸ ਨੇ ਚੋਣ ਮੈਨੀਫ਼ੈਸਟੋ ਦਾ ਅੱਖਰ-ਅੱਖਰ ਲਾਗੂ ਨਾ ਕੀਤਾ ਤਾਂ ‘ਆਪ’ ਪੰਜਾਬ ਭਰ ‘ਚ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ‘ਆਪ’ ਦੀ ਸਰਕਾਰ ਪੰਜਾਬ ‘ਚ ਨਹੀਂ ਬਣੀ ਪਰ ਪੰਜਾਬੀਆਂ ਨੇ ਵਿਰੋਧੀ ਧਿਰ ਦਾ ਰੁਤਬਾ ਆਮ ਆਦਮੀ ਪਾਰਟੀ ਨੂੰ ਦਿਤਾ ਹੈ ਅਤੇ ਉਹ ਉਸਾਰੂ ਭੂਮਿਕਾ ਨਿਭਾਉਣ ਲਈ ਵਚਨਬੱਧ ਹਨ। ਪੰਜਾਬ ਦੇ ਜਥੇਬੰਧਕ ਢਾਂਚੇ ਬਾਰੇ ਕੇਜਰੀਵਾਲ ਨੇ ਕਿਹਾ ਕਿ ਆਮ ਆਮਦੀ ਪਾਰਟੀ ਸੱਭ ਨੂੰ ਬਣਦੀ ਪ੍ਰਤੀਨਿਧਤਾ ਦੇਵੇਗੀ। ਨਵੇਂ ਢਾਂਚੇ ਵਿਚ ਬੂਥ ਪ੍ਰਧਾਨਾਂ ਨੂੰ ਸ਼ਕਤੀਸ਼ਾਲੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹਨ।

‘ਆਪ’ ਵਿਧਾਇਕਾਂ ਨੂੰ ਕੇਜਰੀਵਾਲ ਨੇ ਜ਼ੋਰ ਦਿਤਾ ਕਿ ਉਹ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣ। ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾ ਨੌਕਰੀਆਂ, ਨਾ ਬੇਰੁਜ਼ਗਾਰੀ ਭੱਤਾ, ਨਾ ਸਮਾਰਟ ਫ਼ੋਨ ਅਤੇ ਨਾ ਹੀ ਕਿਸਾਨੀ ਦਾ ਕਰਜ਼ਾ ਮਾਫ਼ ਕੀਤਾ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੈਪਟਨ ਲੋਕਾਂ ਨਾਲ ਕੀਤੇ ਵਾਅਦੇ ਤੋਂ ਭੱਜਦੇ ਜਾ ਰਹੇ ਹਨ। ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ 20 ਐਮ ਐਲ ਏ ‘ਆਪ’ ਦੇ ਚੁਣੇ ਹਨ ਅਤੇ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦੇ ਮੁੱਦੇ ਵਿਧਾਨ ਸਭਾ ਵਿਚ ਜ਼ੋਰ ਸ਼ੋਰ ਨਾਲ ਉਠਾਵੇਗੀ। ਵਿਰੋਧੀ ਧਿਰ ਤੇ ਨੇਤਾ ਐਚ ਐਸ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ 20 ਵਿਧਾਇਕਾਂ ਦੀ ਟੀਮ ਕਾਂਗਰਸ ਦੀਆਂ ਨਾਕਾਮੀਆਂ ਨੂੰ ਵਿਧਾਨ ਸਭਾ ‘ਚ ਉਠਾਉਣ ਲਈ ਵਚਨਬੱਧ ਹੋਵੇਗੀ।

ਫੂਲਕਾ ਨੇ ਕਿਹਾ ਕਿ ‘ਆਪ’ ਦੇ ਵਿਧਾਇਕ ਹੇਠਲੇ ਪੱਧਰ ‘ਤੇ ਕੰਮ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਐਮ ਐਲ ਏ ਨੇ ਕੇਜਰੀਵਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਲੰਟੀਅਰਾਂ ਦੀਆਂ ਆਸਾਂ ਮੁਤਾਬਕ ਚੱਲਣਾ ਪਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬ ਭਰ ‘ਚ ਅੰਦੋਲਨ ਕਰਾਂਗੇ : ਕੇਜਰੀਵਾਲ