ਵਿਸ਼ਵਾਸ ਦਾ ‘ਆਪ’ ਵਿੱਚ ਪਰਤਿਆ ਵਿਸ਼ਵਾਸ

ਨਵੀਂ ਦਿੱਲੀ, 3 ਮਈ (ਏਜੰਸੀ) : ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਡਾ. ਕੁਮਾਰ ਵਿਸ਼ਵਾਸ ਖ਼ਿਲਾਫ਼ ਬੋਲਣ ਵਾਲੇ ਓਖਲਾ ਤੋਂ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਮੁਅੱਤਲ ਕਰਨ ਅਤੇ ਵਿਸ਼ਵਾਸ ਨੂੰ ਰਾਜਸਥਾਨ ਦਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਪਾਰਟੀ ’ਚ ਬਗ਼ਾਵਤੀ ਸੁਰਾਂ ਨੂੰ ਠੱਲ੍ਹ ਲਿਆ ਗਿਆ ਹੈ। ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਵਿਖੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਕਰੀਬ ਤਿੰਨ ਘੰਟੇ ਚਲੀ ਬੈਠਕ ਵਿੱਚ ਕੁਮਾਰ ਵਿਸ਼ਵਾਸ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਪਾਰਟੀ ਆਗੂਆਂ ਪ੍ਰਤੀ ਆਪਣੇ ਸ਼ਿਕਵੇ ਰੱਖੇ। ਬੈਠਕ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਅਮਾਨਤਉੱਲ੍ਹਾ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਕੱਲ੍ਹ ਕੁਮਾਰ ਵਿਸ਼ਵਾਸ ਨੇ ਸਵਾਲ ਉਠਾਏ ਸਨ ਕਿ ਜੇਕਰ ਵਿਧਾਇਕ ਨੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਖ਼ਿਲਾਫ਼ ਕੁੱਝ ਬੋਲਿਆ ਹੁੰਦਾ ਤਾਂ 10 ਮਿੰਟ ਵਿੱਚ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੁੰਦਾ। ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦਾ ਇੰਚਾਰਜ ਬਣਾ ਕੇ ਉਨ੍ਹਾਂ ਦਾ ਕੱਦ ਵਧਾਇਆ ਗਿਆ ਹੈ। ਕੁਮਾਰ ਵਿਸ਼ਵਾਸ ਨੇ ਬੀਤੀ ਸ਼ਾਮ ਪਾਰਟੀ ਛੱਡਣ ਦੀ ਧਮਕੀ ਦੇ ਦਿੱਤੀ ਸੀ ਅਤੇ ਉਨ੍ਹਾਂ ਨੂੰ ਮਨਾਉਣ ਲਈ ਸ੍ਰੀ ਕੇਜਰੀਵਾਲ ਤੇ ਸਿਸੋਦੀਆ ਸਮੇਤ ਹੋਰ ਸੀਨੀਅਰ ਆਗੂਆਂ ਨੇ ਦੇਰ ਰਾਤ ਤੱਕ ਕੁਮਾਰ ਦੇ ਘਰ ਗਾਜ਼ੀਆਬਾਦ ਜਾ ਕੇ ਬੈਠਕ ਕੀਤੀ ਸੀ। ਜ਼ਿਕਰਯੋਗ ਹੈ ਕਿ ਅਮਾਨਤਉੱਲ੍ਹਾ ਵੱਲੋਂ ਕੁਮਾਰ ਵਿਸ਼ਵਾਸ ਨੂੰ ਭਾਜਪਾ ਦਾ ਏਜੰਟ ਅਤੇ ਪਾਰਟੀ ਤੋੜਨ ਵਾਲਾ ਆਖਿਆ ਸੀ। ਉਸ ਦੇ ਬਿਆਨਾਂ ਦਾ ਮਾਮਲਾ ਅਨੁਸ਼ਾਸਨੀ ਕਮੇਟੀ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published.