ਨਕਸਲੀ ਹਮਲਾ : ਸੀਆਰਪੀਐਫ ਦੇ 26 ਜਵਾਨ ਹਲਾਕ


ਰਾਏਪੁਰ, 24 ਅਪ੍ਰੈਲ (ਏਜੰਸੀ) : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਅੱਜ ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ’ਚ ਸੀਆਰਪੀਐਫ ਦੇ 26 ਜਵਾਨ ਹਲਾਕ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਸ ਸਾਲ ਦਾ ਇਹ ਸਭ ਤੋਂ ਭਿਆਨਕ ਹਮਲਾ ਹੈ। ਨਕਸਲੀਆਂ ਨੇ ਇਹ ਹਮਲਾ ਦੱਖਣੀ ਬਸਤਰ ਖ਼ਿੱਤੇ ਦੇ ਕਾਲਾ ਪੱਥਰ ਇਲਾਕੇ ’ਚ ਦੁਪਹਿਰ 12:25 ਵਜੇ ਕੀਤਾ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ,‘‘ਸਾਡੇ 26 ਜਵਾਨ ਹਲਾਕ ਹੋਏ ਹਨ। ਅਸੀਂ ਸਾਰੇ ਜਵਾਨਾਂ ਦਾ ਪਤਾ ਲਾ ਰਹੇ ਹਾਂ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਕਰੀਬ 7 ਤੋਂ 8 ਜਵਾਨ ਅਜੇ ਵੀ ਲਾਪਤਾ ਹਨ।’’

ਅਧਿਕਾਰੀ ਨੇ ਕਿਹਾ ਕਿ 11 ਲਾਸ਼ਾਂ ਪਹਿਲਾਂ ਮਿਲ ਗਈਆਂ ਸਨ ਜਦਕਿ 12 ਤਲਾਸ਼ੀ ਮੁਹਿੰਮ ਦੌਰਾਨ ਮਿਲੀਆਂ। ਇਕ ਜਵਾਨ ਨੇ ਹੈਲੀਕਾਪਟਰ ਰਾਹੀਂ ਲਿਜਾਣ ਸਮੇਂ ਦਮ ਤੋੜਿਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕਮਾਂਡਰ ਜੋ ਇੰਸਪੈਕਟਰ ਰੈਂਕ ਦਾ ਅਧਿਕਾਰੀ ਸੀ ਅਤੇ ਦਲ ਦੀ ਅਗਵਾਈ ਕਰ ਰਿਹਾ ਸੀ, ਵੀ ਹਮਲੇ ’ਚ ਮਾਰਿਆ ਗਿਆ। ਅਧਿਕਾਰੀ ਨੇ ਕਿਹਾ ਕਿ ਨਕਸਲੀ ਹਲਾਕ ਹੋਏ ਜਵਾਨਾਂ ਤੋਂ ਦਰਜਨ ਤੋਂ ਵੱਧ ਹਥਿਆਰ ਲੁੱਟ ਕੇ ਲੈ ਗਏ। ਇਹ ਸਾਰੇ ਜਵਾਨ 74ਵੀਂ ਬਟਾਲੀਅਨ ਦੇ ਸਨ ਅਤੇ ਉਨ੍ਹਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਇਲਾਕੇ ’ਚ ਤਾਇਨਾਤ ਕੀਤਾ ਗਿਆ ਸੀ। ਸੁਕਮਾ ਦੇ ਵਧੀਕ ਐਸਪੀ ਜੀਤੇਂਦਰ ਸ਼ੁਕਲਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਘਟਨਾ ਚਿੰਤਾਗੁਫ਼ਾ ਪੁਲੀਸ ਥਾਣੇ ਦੀ ਹੱਦ ਅੰਦਰ ਬੁਰਕਾਪਾਲ ਪਿੰਡ ਨੇੜੇ ਵਾਪਰੀ ਹੈ। ਹਸਪਤਾਲ ’ਚ ਦਾਖ਼ਲ ਕਰਾਏ ਗਏ ਇਕ ਜ਼ਖ਼ਮੀ ਜਵਾਨ ਨੇ ਦਾਅਵਾ ਕੀਤਾ ਕਿ ਸੀਆਰਪੀਐਫ ਗਸ਼ਤੀ ਪਾਰਟੀ ’ਤੇ ਕਰੀਬ 300 ਨਕਸਲੀਆਂ ਨੇ ਹਮਲਾ ਕੀਤਾ।

ਇਸ ਜਵਾਨ ਨੇ ਦੱਸਿਆ,‘‘ਨਕਸਲੀਆਂ ਨੇ ਪਹਿਲਾਂ ਪਿੰਡ ਵਾਸੀਆਂ ਨੂੰ ਸਾਡੀਆਂ ਪੁਜ਼ੀਸ਼ਨਾਂ ਚੈੱਕ ਕਰਨ ਲਈ ਭੇਜਿਆ। ਮੈਂ ਕੁਝ ਮਹਿਲਾ ਨਕਸਲੀਆਂ ਨੂੰ ਵੀ ਦੇਖਿਆ ਅਤੇ ਸਾਰਿਆਂ ਨੇ ਕਾਲੀਆਂ ਵਰਦੀਆਂ ਪਾਈਆਂ ਹੋਈਆਂ ਸਨ ਅਤੇ ਉਹ ਏਕੇ ਸੀਰੀਜ਼ ਵਾਲੀਆਂ ਖ਼ਤਰਨਾਕ ਰਾਈਫਲਾਂ ਨਾਲ ਲੈਸ ਸਨ।’’ ਉਸ ਨੇ ਕਿਹਾ ਕਿ ਸੀਆਰਪੀਐਫ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਨ ਕਰ ਕੇ ਮੁਕਾਬਲੇ ’ਚ 10 ਤੋਂ 12 ਨਕਸਲੀ ਵੀ ਮਾਰੇ ਗਏ ਹੋਣਗੇ।

ਨਿਖੇਧੀ: ਸ੍ਰੀ ਰਮਨ ਸਿੰਘ ਦਿੱਲੀ ’ਚ ਸਨ ਅਤੇ ਹਮਲੇ ਦੀ ਖ਼ਬਰ ਸੁਣ ਕੇ ਉਹ ਰਾਏਪੁਰ ਲਈ ਰਵਾਨਾ ਹੋ ਗਏ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹੀ ਹਿੰਸਾ ਨਾਲ ਵੱਖਵਾਦੀ ਤਾਕਤਾਂ ਖ਼ਿਲਾਫ਼ ਲੜਾਈ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਅਜਿਹੀਆਂ ਘਟਨਾਵਾਂ ਰੋਕਣ ਲਈ ਇਨ੍ਹਾਂ ਤਾਕਤਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਕਸਲੀ ਹਮਲਾ : ਸੀਆਰਪੀਐਫ ਦੇ 26 ਜਵਾਨ ਹਲਾਕ