ਪਲਾਨੀਸਵਾਮੀ ਦੀ ਕੁਰਸੀ ਸਲਾਮਤ, ਵਿਧਾਨ ਸਭਾ ‘ਚ ਹੰਗਾਮੇ ਮਗਰੋਂ ਸਾਬਤ ਕੀਤਾ ਬਹੁਮਤ


ਚੇਨਈ, 18 ਫਰਵਰੀ (ਏਜੰਸੀ) : ਵਿਧਾਨ ਸਭਾ ਵਿੱਚ ਹੰਗਾਮੇ ਮਗਰੋਂ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਦਨ ਵਿੱਚੋਂ ਕੱਢੇ ਜਾਣ ਬਾਅਦ ਤਾਮਿਲਨਾਡੂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਬਹੁਮਤ ਸਾਬਤ ਕਰ ਦਿੱਤਾ। ਪਲਾਨੀਸਵਾਮੀ ਨੇ ਬਹੁਮਤ ਲਈ ਜ਼ੁਬਾਨੀ ਤੌਰ ‘ਤੇ ਹੋਏ ਮਤਦਾਨ ਵਿੱਚ ਜਿੱਤ ਹਾਸਲ ਕਰ ਲਈ। ਉਨ੍ਹਾਂ ਨੂੰ 122 ਵਿਧਾਇਕਾਂ ਦਾ ਸਮਰਥਨ ਮਿਲਿਆ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਦਲਾਂ ਵੱਲੋਂ ਗੁਪਤ ਮਤਦਾਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ।

ਸਦਨ ਵਿੱਚ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪਲਾਨੀਸਵਾਮੀ ਨੇ ਬਹੁਮਤ ਸਾਬਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਮ ਕੇ ਸਟਾਲਿਨ ਨੇ ਉਨ੍ਹਾਂ ਨਾਲ ਤਿੱਖੀ ਬਹਿਸ ਕੀਤੀ ਅਤੇ ਵਿਧਾਨ ਸਭਾ ਸਪੀਕਰ ਪੀ ਧਨਪਾਲ ਨੂੰ ਗੁਪਤ ਵੋਟਿੰਗ ਕਰਵਾਉਣ ਦੀ ਮੰਗ ਕੀਤੀ।

ਸਪੀਕਰ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਵਿੱਚ ਵਿਧਾਇਕ ਦਖ਼ਲਅੰਦਾਜ਼ੀ ਨਹੀਂ ਕਰ ਸਕਦੇ ਹਨ। ਸਟਾਲਿਨ ਨੇ ਇਸ ਗੱਲ ‘ਤੇ ਵੀ ਸਵਾਲ ਚੁੱਕਿਆ ਕਿ ਜਦੋਂ ਰਾਜਪਾਲ ਸੀ ਵਿਦਿਆਸਾਗਰ ਰਾਓ ਨੇ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ, ਫਿਰ ਇੰਨੀ ਜਲਦੀ ਕੀ ਹੈ। ਇਸ ਵਿਚਕਾਰ ਮੁੱਖ ਮੰਤਰੀ ਦੇ ਸਮਰਥਕ ਵਿਧਾਇਕ ਚੁੱਪ ਰਹੇ, ਪਰ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਵਿਧਾਇਕਾਂ ਨੇ ਧਨਪਾਲ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਸਦਨ ਦੇ ਗੇਟ ਬੰਦ ਕਰ ਦਿੱਤੇ ਗਏ ਅਤੇ ਮੀਡੀਆ ਗੈਲਰੀ ਦਾ ਆਡਿਓ ਵੀ ਬੰਦ ਹੋ ਗਿਆ।

ਦੋ ਵਾਰ ਮੁਲਤਵੀ ਕਰਨੀ ਪਈ ਕਾਰਵਾਈ : ਡੀਐਮਕੇ ਵਿਧਾਇਕਾਂ ਨੇ ਸਦਨ ਦਾ ਏਜੰਡਾ ਪੇਪਰ ਵੀ ਪਾੜ ਦਿੱਤਾ ਅਤੇ ਕੁਰਸੀਆਂ ਇੱਧਰ-ਉੱਧਰ ਸੁੱਟੀਆਂ। ਹੰਗਾਮਾ ਜਾਰੀ ਰਹਿਣ ‘ਤੇ ਧਨਪਾਲ ਆਪਣੇ ਚੈਂਬਰ ਵਿੱਚ ਚਲੇ ਗਏ ਅਤੇ ਵਿਧਾਨ ਸਭਾ ਦੀ ਕਾਰਵਾਈ ਇੱਕ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇੱਕ ਵਜੇ ਵਿਧਾਨ ਸਭਾ ਦੀ ਮੁੜ ਕਾਰਵਾਈ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋਣ ਲੱਗਾ। ਇਸ ‘ਤੇ ਸਪੀਕਰ ਨੇ ਡੀਐਮਕੇ ਦੇ ਸਾਰੇ ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕਰ ਦਿੱਤਾ ਅਤੇ ਕਾਰਵਾਈ ਤਿੰਨ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਲਾਨੀਸਵਾਮੀ ਦੀ ਕੁਰਸੀ ਸਲਾਮਤ, ਵਿਧਾਨ ਸਭਾ ‘ਚ ਹੰਗਾਮੇ ਮਗਰੋਂ ਸਾਬਤ ਕੀਤਾ ਬਹੁਮਤ