ਔਸਕਰ ਐਵਾਰਡਜ਼ ਦੇ ਅਸਮਾਨ ’ਤੇ ਚਮਕੀ ‘ਮੂਨਲਾਈਟ’


ਲਾਸ ਏਂਜਲਸ, 27 ਫ਼ਰਵਰੀ (ਏਜੰਸੀ) : 89ਵੇਂ ਅਕੈਡਮੀ ਐਵਾਰਡਜ਼ (ਔਸਕਰਜ਼) ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਫ਼ਿਲਮ ‘ਲਾ ਲਾ ਲੈਂਡ’ ਨੂੰ ਪਿੱਛੇ ਧੱਕਦਿਆਂ ‘ਮੂਨਲਾਈਟ’ ਨੇ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਜਿੱਤ ਲਿਆ। ਬਿਹਤਰੀਨ ਨਿਰਦੇਸ਼ਕ ਦਾ ਖ਼ਿਤਾਬ ਫ਼ਿਲਮ ‘ਲਾ ਲਾ ਲੈਂਡ’ ਲਈ ਡੇਮੀਅਨ ਸ਼ਾਜ਼ੇਲ ਦੀ ਝੋਲੀ ਪਿਆ ਜਦਕਿ ਸਰਵੋਤਮ ਅਦਾਕਾਰ ਤੇ ਅਦਾਕਾਰਾ ਲਈ ਕ੍ਰਮਵਾਰ ਕੇਸੀ ਐਫ਼ਲੇਕ (ਮਾਨਚੈਸਟਰ ਬਾਇ ਦਿ ਸੀਅ) ਤੇ ਐਮਾ ਸਟੋਨ (ਲਾ ਲਾ ਲੈਂਡ) ਦੇ ਹਿੱਸੇ ਆਇਆ। ਭਾਰਤੀ ਮੂਲ ਦਾ ਅਦਾਕਾਰ ਦੇਵ ਪਟੇਲ ਜਿਸ ਨੂੰ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ, ਨਾਕਾਮ ਰਿਹਾ। ਇਹ ਐਵਾਰਡ ਫ਼ਿਲਮ ‘ਮੂਨ ਲਾਈਟ’ ਲਈ ਮਾਹੇਰਸ਼ਾਲਾ ਅਲੀ ਨੂੰ ਮਿਲਿਆ। ਸਹਾਇਕ ਅਦਾਕਾਰਾ ਲਈ ਔਸਕਰ ਵਾਇਓਲਾ ਡੇਵਿਸ ਨੂੰ ਫ਼ਿਲਮ ‘ਫ਼ੈਂਸਿਜ਼’ ਲਈ ਮਿਲਿਆ। ਇਥੇ ਡੌਲਬੀ ਥੀਏਟਰ ਵਿੱਚ ਹੋਏ ਸਮਾਗਮ ਦੀ ਮੇਜ਼ਬਾਨੀ ਜਿੰਮੀ ਕਿਮਲ ਨੇ ਕੀਤੀ। ਜਿੰਮੀ ਨੇ ਇਸ ਦੌਰਾਨ ਵਿੱਚ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਜ਼ਾਹੀਆ ਲਹਿਜੇ ਵਿੱਚ ਟਿੱਪਣੀਆਂ ਵੀ ਕੀਤੀਆਂ।

ਇਸ ਤੋਂ ਪਹਿਲਾਂ ਪੁਰਸਕਾਰਾਂ ਦੇ ਐਲਾਨ ਦੌਰਾਨ ਹੈਰਾਨ ਕਰ ਦੇਣ ਵਾਲੀ ਗੜਬੜੀ ਸਾਹਮਣੇ ਆਈ। ‘ਲਾ ਲਾ ਲੈਂਡ’ ਨੂੰ ਸਰਵੋਤਮ ਨਿਰਦੇਸ਼ਕ, ਸਰਵੋਤਮ ਅਦਾਕਾਰਾ ਦੀ ਸ਼੍ਰੇਣੀ ਸਮੇਤ ਕੁਲ ਛੇ ਔਸਕਰ ਟਰਾਫ਼ੀਆਂ ਮਿਲੀਆਂ, ਪਰ ਵਾਰੇਨ ਬੈਟੀ ਤੇ ਫੇਅ ਡਨਵੇਅ ਨੇ ਗ਼ਲਤੀ ਨਾਲ ਫ਼ਿਲਮ ਨੂੰ ਸਰਵੋਤਮ ਫ਼ਿਲਮ ਐਲਾਨ ਦਿੱਤਾ। ਹਾਲਾਂਕਿ ਜੇਤੂ ਭਾਸ਼ਨ ਦੌਰਾਨ ਹੀ ਸੰਗੀਤਕ ਫ਼ਿਲਮ ‘ਲਾ ਲਾ ਲੈਂਡ’ ਦੇ ਨਿਰਮਾਤਾਵਾਂ ਨੂੰ ਪਤਾ ਲੱਗਾ ਕਿ ਕਿਤੇ ਕੁਝ ਗੜਬੜ ਹੈ। ਜੌਰਡਨ ਹੋਰਵਿਟਜ਼ ਨੇ ਐਲਾਨ ਕੀਤਾ ਕਿ ਇਹ ਪੁਰਸਕਾਰ ‘ਮੂਨਲਾਈਟ’ ਨੂੰ ਜਾਂਦਾ ਹੈ। ਡੌਲਬੀ ਥੀਏਟਰ ਵਿੱਚ ਬੈਠੇ ਵੱਡੀ ਗਿਣਤੀ ਲੋਕਾਂ ਨੂੰ ਉਨ੍ਹਾਂ ਦੀ ਗੱਲ ’ਤੇ ਯਕੀਨ ਨਹੀਂ ਹੋਇਆ, ਪਰ ਹੋਰਵਿਟਜ਼ ਨੇ ਸਾਫ਼ ਕਰ ਦਿੱਤਾ ਕਿ ਉਹ ਮਜ਼ਾਕ ਨਹੀਂ ਕਰ ਰਿਹਾ। ਉਨ੍ਹਾਂ ਨੇ ਦਰਸ਼ਕਾਂ ਨੂੰ ‘ਮੂਨਲਾਈਟ’ ਦੇ ਨਾਂ ਵਾਲਾ ਕਾਰਡ ਵਿਖਾਇਆ।

ਫ਼ਿਲਮ ‘ਮੂਨਲਾਈਟ’ ਟੈਰੇਲ ਐਲਵਿਨ ਮੈਕਕਰੇਨੀ ਦੇ ਆਤਮਕਥਾ ਨਾਟਕ ‘ਇਨ ਮੂਨਲਾਈਟ ਬਲੈਕ ਬੁਆਇਜ਼ ਲੁਕ ਬਲੂ’ ਉੱਤੇ ਅਧਾਰਤ ਹੈ। ਛੋਟੇ ਬਜਟ ਦੀ ਇਸ ਫ਼ਿਲਮ ਦੀ ਆਲੋਚਕਾਂ ਨੇ ਕਾਫ਼ੀ ਪ੍ਰਸ਼ੰਸਾ ਕੀਤੀ ਹੈ। ਅਕੈਡਮੀ ਪੁਰਸਕਾਰਾਂ ਵਿੱਚ ਸਰਵੋਤਮ ਨਿਰਦੇਸ਼ਕ, ਸਰਵੋਤਮ ਪਟਕਥਾ ਤੇ ਸਰਵੋਤਮ ਫ਼ਿਲਮ ਸ਼੍ਰੇਣੀ ਵਿੱਚ ਨਾਮਜ਼ਦ ਹੋ ਕੇ ਸਿਆਹਫਾਮ ਜੈਨਕਿਨਜ਼ ਨੇ ਇਤਿਹਾਸ ਸਿਰਜ ਦਿੱਤਾ। ਹੋਰਨਾਂ ਪੁਰਸਕਾਰਾਂ ਵਿੱਚ ਸਰਵੋਤਮ ਮੂਲ ਪਟਕਥਾ ਲਈ ਕੈਨੇਥ ਲੋਨਰਗਨ (ਮਾਨਚੈਸਟਰ ਬਾਇ ਦਾ ਸੀਅ), ਸਰਵੋਤਮ ਵੇਸ਼ਭੂਸ਼ਾ ਲਈ ਕੋਲੀਨ ਐਟਵੁੱਡ(ਫੈਂਟਾਸਟਿਕ ਬੀਸਟਜ਼ ਐਂਡ ਵੇਅਰ ਟੂ ਫਾਈਂਡ ਦੈਮ), ਸਰਵੋਤਮ ਵਿਦੇਸ਼ੀ ਫ਼ਿਲਮ ਲਈ ਇਰਾਨੀ ਫਿਲਮਸਾਜ਼ ਅਸਗਰ ਫਰਹਾਦੀ ਦੀ ‘ਦਿ ਸੇਲਜ਼ਮੈਨ’, ਸਰਵੋਤਮ ਦਸਤਾਵੇਜ਼ (ਲਘੂ) ‘ਦਿ ਵ੍ਹਾਈਟ ਹੈਲਮਟਜ਼’ ਤੇ ਸਰਵੋਤਮ ਸਿਨੇਮਾਟੋਗ੍ਰਾਫ਼ੀ ਲਈ ਲਾਇਨਸ ਸੈਂਡਗਰੈੱਨ (ਲਾ ਲਾ ਲੈਂਡ) ਨੂੰ ਦਿੱਤਾ ਗਿਆ।

ਓਮਪੁਰੀ, ਡੇਬੀ ਰੇਨਾਲਡਜ਼ ਤੇ ਕੈਰੀ ਫ਼ਿਸ਼ਰ ਨੂੰ ਦਿੱਤੀ ਸ਼ਰਧਾਂਜਲੀ : ਭਾਰਤੀ ਅਭਿਨੇਤਾ ਓਮ ਪੁਰੀ, ‘ਸਟਾਰ ਵਾਰਜ਼’ ਦੀ ਨਾਇਕਾ ਕੈਰੀ ਫ਼ਿਸ਼ਰ, ਡੇਬੀ ਰੇਨਾਲਡਜ਼ ਤੇ ਬਿਲ ਪੈਕਸਟਨ ਉਨ੍ਹਾਂ ਮਰਹੂਮ ਹਸਤੀਆਂ ’ਚ ਸ਼ੁਮਾਰ ਹਨ ਜਿਨ੍ਹਾਂ ਨੂੰ ਅੱਜ ਔਸਕਰ ਐਵਾਰਡਜ਼ ਦੌਰਾਨ ਸ਼ਰਧਾਂਜਲੀ ਦਿੱਤੀ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਔਸਕਰ ਐਵਾਰਡਜ਼ ਦੇ ਅਸਮਾਨ ’ਤੇ ਚਮਕੀ ‘ਮੂਨਲਾਈਟ’