ਬਾਦਲ ਨੇ ਹਲਕਾ ਲੰਬੀ ਉੱਤੇ ਕੀਤੀ 261 ਕਰੋੜ ਦੀ ਵਰਖਾ

parkash-singh-badal

ਬਠਿੰਡਾ, 14 ਫਰਵਰੀ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕਾ ਲੰਬੀ ਵਿੱਚ ਲੰਘੇ 10 ਵਰ੍ਹਿਆਂ ਵਿੱਚ 600 ਤੋਂ ਵੱਧ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ। ਹਲਕੇ ਵਿੱਚ ਹਰ ਹਫ਼ਤੇ ਔਸਤਨ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ। ਹਲਕਾ ਲੰਬੀ ਵਿੱਚ ਕਰੀਬ 80 ਪਿੰਡ ਤੇ ਢਾਣੀਆਂ ਹਨ ਅਤੇ ਹਰ ਪਿੰਡ ਵਿੱਚ ਸ੍ਰੀ ਬਾਦਲ ਨੇ ਛੇ ਤੋਂ ਅੱਠ ਵਾਰ ਸੰਗਤ ਦਰਸ਼ਨ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ 261 ਕਰੋੜ ਰੁਪਏ ਹਲਕੇ ਵਿੱਚ ਵੰਡੇ ਗਏ ਹਨ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਮੁਕਤਸਰ ਤੋਂ ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੇ ਸਾਲ 2007 ਤੋਂ ਦਸੰਬਰ 2016 ਤੱਕ ਹਲਕਾ ਲੰਬੀ ਵਿੱਚ 618 ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਲਈ ਵਰਤੀ ਸਰਕਾਰੀ ਮਸ਼ੀਨਰੀ ਅਤੇ ਹੋਰ ਪ੍ਰਬੰਧਾਂ ‘ਤੇ ਕਰੀਬ 31 ਕਰੋੜ ਰੁਪਏ ਵੱਖਰਾ ਖਰਚਾ ਆਇਆ ਹੈ। ਸਾਲ 2007-2012 ਦੌਰਾਨ ਮੁੱਖ ਮੰਤਰੀ ਦੇ ਲੰਬੀ ਵਿੱਚ 306 ਸੰਗਤ ਦਰਸ਼ਨ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 93 ਕਰੋੜ ਰੁਪਏ ਵੰਡੇ ਗਏ। ਇਵੇਂ ਸਾਲ 2012-2017 ਦੌਰਾਨ ਮੁੱਖ ਮੰਤਰੀ ਨੇ ਇਸ ਹਲਕੇ ‘ਚ 312 ਪ੍ਰੋਗਰਾਮ ਕੀਤੇ, ਜਿਨ੍ਹਾਂ ‘ਚ 168.77 ਕਰੋੜ ਰੁਪਏ ਵੰਡੇ ਗਏ। ਹਲਕੇ ਦੇ ਪਿੰਡ ਕੰਗਣਖੇੜਾ ਨੂੰ ਲੰਘੇ ਪੰਜ ਵਰ੍ਹਿਆਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ‘ਚ 6.02 ਕਰੋੜ ਦਾ ਗੱਫਾ ਮਿਲਿਆ ਜਦੋਂ ਕਿ ਰੱਤਾ ਖੇੜਾ (ਪੱਛਮੀ) ਨੂੰ 4.60 ਕਰੋੜ ਦੇ ਫੰਡ ਮਿਲੇ।

ਕੇਂਦਰੀ ਤੇ ਰਾਜ ਸਕੀਮਾਂ ਦੇ ਜੋ ਫੰਡ ਹਲਕਾ ਲੰਬੀ ਨੂੰ ਮਿਲੇ, ਉਹ ਇਸ ਤੋਂ ਵੱਖਰੇ ਹਨ। ਮੁੱਖ ਮੰਤਰੀ ਨੇ ਆਪਣੇ ਜੱਦੀ ਪਿੰਡ ਬਾਦਲ ਵਿੱਚ ਇਸ ਸਮੇਂ ਦੌਰਾਨ ਅੱਠ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ 7.53 ਕਰੋੜ ਰੁਪਏ ਦੇ ਫੰਡ ਦਿੱਤੇ। ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਹਲਕਾ ਲੰਬੀ ‘ਚ ਖਾਸ ਲੋਕਾਂ ਨੂੰ ਪੈਸਾ ਲੁਟਾਇਆ ਗਿਆ ਹੈ ਕਿਉਂਕਿ ਏਨਾ ਪੈਸਾ ਦੇਣ ਦੇ ਬਾਵਜੂਦ ਹਲਕੇ ਦੇ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜੇਕਰ ਸ੍ਰੀ ਬਾਦਲ ਆਪਣੇ ਹਲਕੇ ਵਿੱਚ ਰੁਟੀਨ ਵਿੱਚ ਵੀ ਜਾਂਦੇ ਹਨ ਤਾਂ ਵੀ ਸੰਗਤ ਦਰਸ਼ਨ ਦਾ ਨਾਮ ਦੇ ਦਿੱਤਾ ਜਾਂਦਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)