ਕਿਸਾਨਾਂ ਦੀ ਕਰਜ਼ ਮੁਆਫ਼ੀ ਮੋਦੀ ਦਾ ਇਕ ਹੋਰ ਝੂਠਾ ਵਾਅਦਾ : ਰਾਹੁਲ


ਸੀਤਾਪੁਰ, 16 ਫਰਵਰੀ (ਏਜੰਸੀ) : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲੇ ਜਾਰੀ ਰੱਖਦਿਆਂ ਅੱਜ ਆਖਿਆ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਸ੍ਰੀ ਮੋਦੀ ਦਾ ਇਕ ਹੋਰ ‘ਝੂਠ’ ਹੈ ਤੇ ਉਹ ਲਗਾਤਾਰ ‘ਝੂਠੇ ਵਾਅਦੇ’ ਕਰ ਰਹੇ ਹਨ। ਉਹ ਲਹਿਰਪੁਰ ਹਲਕੇ ਤੋਂ ਸਪਾ-ਕਾਂਗਰਸ ਗੱਠਜੋੜ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੋਦੀਜੀ ਝੂਠੇ ਵਾਅਦੇ ਕਰਦੇ ਹਨ ਤੇ ਕਿਸਾਨਾਂ ਦੇ ਕਰਜ਼ ਮੁਆਫ਼ ਕਰਨਾ ਵੀ ਉਨ੍ਹਾਂ ਦਾ ਅਜਿਹਾ ਹੀ ਇਕ ਲਾਰਾ ਹੈ।’’ ਉਨ੍ਹਾਂ ਸ੍ਰੀ ਮੋਦੀ ਦੇ ਰੇਡੀਓ ਸੰਬੋਧਨ ਪ੍ਰੋਗਰਾਮ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ‘ਮਨ ਕੀ ਬਾਤ’ ਦੀ ਥਾਂ ਆਪਣੇ ਨੋਟਬੰਦੀ ਦੇ ਫ਼ੈਸਲੇ ਕਾਰਨ ਆਮ ਲੋਕਾਂ ਨੂੰ ਪੇਸ਼ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।’’

‘ਮੇਕ ਇਨ ਇੰਡੀਆ’ ਮੁਹਿੰਮ ਉਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਆਗੂ ਨੇ ਆਖਿਆ, ‘‘ਸਾਡੇ ਵੱਲੋਂ ਵਰਤੇ ਜਾਂਦੇ ਫੋਨ ਤੱਕ ਚੀਨ ਦੇ ਬਣੇ ਹੋਏ ਹਨ ਅਤੇ ਭਾਰਤੀ ਪੈਸਾ ਉਥੇ (ਚੀਨ) ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਉਲਟਾ ਭਾਰਤੀ ਉਤਪਾਦ ਚੀਨ ਵਿੱਚ ਵਿਕਣ।’’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਵਾਅਦਿਆਂ ਮੁਤਾਬਕ ਨਾ ਬੇਰੁਜ਼ਗਾਰਾਂ ਲਈ ਰੁਜ਼ਗਾਰ ਪੈਦਾ ਹੋਏ ਹਨ ਅਤੇ ਨਾ ਗ਼ਰੀਬਾਂ ਦੇ ਖ਼ਾਤਿਆਂ ਵਿੱਚ 15-15 ਲੱਖ ਰੁਪਏ ਜਮ੍ਹਾਂ ਹੋਏ ਹਨ, ਉਲਟਾ ਸਰਕਾਰ ਨੇ 50 ਸਰਮਾਏਦਾਰਾਂ ਦੇ 1.40 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਉਤਰ ਪ੍ਰਦੇਸ਼ ਨੂੰ ‘ਉੱਤਮ ਪ੍ਰਦੇਸ਼’ ਬਣਾ ਦਿੱਤਾ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਿਸਾਨਾਂ ਦੀ ਕਰਜ਼ ਮੁਆਫ਼ੀ ਮੋਦੀ ਦਾ ਇਕ ਹੋਰ ਝੂਠਾ ਵਾਅਦਾ : ਰਾਹੁਲ