ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ “ਓਹੀ ਬੋਹੜ“ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ

mandeep

ਖੁਦਕੁਸ਼ੀਆਂ ਦਾ ਸੰਤਾਪ ਭੋਗਦੇ ਮਾਸੂਮ ਚਾਵਾਂ ਤੇ ਚਿੱਟੀਆਂ ਚੁੰਨੀਆਂ ਨੂੰ ਸਮਰਪਿਤ ਹੈ ਗੀਤ

ਲੰਡਨ (ਪਪ) : “ਹਿੰਮਤਪੁਰਾ ਡੌਟ ਕੌਮ“ ਨਾਮੀ ਸਾਹਿਤਕ ਵੈੱਬਸਾਈਟ ਜ਼ਰੀਏ ਪੰਜਾਬੀਅਤ ਦੀ ਸੇਵਾ ਚ ਜੁਟੇ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਇੱਕ ਗਾਇਕ ਵਜੋਂ ਆਪਣੀ ਦੂਸਰੀ ਦਸਤਕ ਤਹਿਤ ਨਵਾਂ ਗੀਤ “ਓਹੀ ਬੋਹੜ“ 13 ਜਨਵਰੀ 2017 ਨੂੰ ਲੋਕ ਅਰਪਣ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਉਹਨਾਂ ਪਿਛਲੇ ਵਰੇ ਆਪਣੀ ਆਵਾਜ਼ ਚ ਹੀ ਖੁਦ ਲਿਖਿਆ ਗੀਤ “ਓ ਪੰਜਾਬ ਸਿਆਂ“ ਵੀ ਪੰਜਾਬੀਆਂ ਦੀ ਝੋਲੀ ਪਾਇਆ ਗਿਆ ਸੀ। ਉਸ ਗੀਤ ਨੂੰ ਮਿਲੇ ਅਥਾਹ ਪਿਆਰ ਦੀ ਬਦੌਲਤ ਹੀ ਉਹਨਾਂ “ਓਹੀ ਬੋਹੜ“ ਗੀਤ ਗਾਉਣ ਦਾ ਹੌਸਲਾ ਕੀਤਾ ਹੈ। ਜਸ਼ੂ ਰਿਕਾਰਡਜ਼ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਉਹਨਾਂ ਖੁਦ ਲਿਖਿਆ ਹੈ ਤੇ ਸੰਗੀਤਕ ਧੁਨਾਂ ਚ “ਦ ਸਾਊਂਡ ਲੈਬ“ ਵੱਲੋਂ ਪ੍ਰੋਇਆ ਗਿਆ ਹੈ।

ਪ੍ਰਸਿੱਧ ਫਿਲਮ ਕਲਾਕਾਰ ਮਲਕੀਤ ਰੌਣੀ, ਹਰਸ਼ਰਨ ਸਿੰਘ, ਮਰਹੂਮ ਉਸਤਾਦ ਕੁਲਦੀਪ ਮਾਣਕ ਦੇ ਸਾਥੀ ਰਹੇ ਜਗਤਾਰ ਰੋਮਾਣਾ, ਗਾਇਕ ਗੁਰਸ਼ੇਰ, ਹਰਜੋਤ ਸੰਧੂ ਅਤੇ ਹਰਪ੍ਰੀਤ ਸਿੰਘ ਦੈਹਿੜੂ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਗੀਤ ਇੱਕ ਬੋਹੜ ਦੇ ਦਰੱਖਤ ਮੂੰਹੋਂ ਅਜੋਕੇ ਮਾਹੌਲ ਦੀ ਦਰਦ ਕਹਾਣੀ ਬਿਆਨ ਕਰੇਗਾ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮਨਦੀਪ ਖੁਰਮੀ ਨੇ ਦੱਸਿਆ ਕਿ “ਓਹੀ ਬੋਹੜ“ ਗੀਤ ਮੰਦੀ ਆਰਥਿਕਤਾ ਹੱਥੋਂ ਹਾਰ ਕੇ ਖੁਦਕੁਸ਼ੀਆਂ ਦਾ ਸੰਤਾਪ ਭੋਗਦੇ ਮਾਸੂਮ ਚਾਵਾਂ ਅਤੇ ਚਿੱਟੀਆਂ ਚੁੰਨੀਆਂ ਨੂੰ ਸਮਰਪਿਤ ਹੋਵੇਗਾ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ “ਓਹੀ ਬੋਹੜ“ ਗੀਤ ਤੁਹਾਡਾ ਸਭ ਦਾ ਆਪਣਾ ਗੀਤ ਹੈ। ਜਿੰਨਾ ਵੀ ਪਿਆਰ ਬਖਸ਼ੋਗੇ, ਉਸੇ ਨੂੰ ਲੱਖ-ਮਣਾਂ ਸਮਝ ਕੇ ਅਗਲੇਰੀ ਕੋਸ਼ਿਸ਼ ਵਿੱਚ ਜੁਟ ਜਾਵਾਂਗਾ।

ਅਜੋਕੇ ਦੌਰ ਵਿੱਚ ਯੂਟਿਊਬ ਦੇ ਵਿਊਜ਼ ਖਰੀਦ ਕੇ ਆਪਣੇ ਆਪ ਨੂੰ ਹਿੱਟ ਗੀਤਾਂ ਦੇ ਮਾਲਕ ਅਖਵਾਉਣ ਵਾਲੇ ਗਾਇਕਾਂ ਤੇ ਚੁਟਕੀ ਲੈਂਦਿਆਂ ਉਹਨਾਂ ਕਿਹਾ ਕਿ ਇਸ ਗੀਤ ਨੂੰ ਜਿੰਨਾ ਤੁਸੀਂ ਦੇਖੋ ਸੁਣੋਗੇ, ਓਹੀ ਤੁਹਾਡਾ ਪਿਆਰ ਹੋਵੇਗਾ। ਯੂਟਿਊਬ ਦੇ ਵਿਊ ਖਰੀਦ ਕੇ ਨਾ ਤਾਂ ਅਸੀਂ ਖੁਦ ਬੇਵਕੂਫ ਬਣਕੇ ਗਲਤਫਹਿਮੀ ਚ ਜਿਉਣਾ ਪਸੰਦ ਕਰਾਂਗੇ ਤੇ ਨਾ ਹੀ ਲੋਕਾਂ ਨੂੰ ਬੇਵਕੂਫ਼ ਬਣਾਵਾਂਗੇ।

Facebook Comments

POST A COMMENT.

Enable Google Transliteration.(To type in English, press Ctrl+g)