ਮੋਦੀ ਨਿੱਜੀ ਤੌਰ ’ਤੇ ਭਿ੍ਰਸ਼ਟ : ਰਾਹੁਲ


ਨਵੀਂ ਦਿੱਲੀ, 14 ਦਸੰਬਰ (ਏਜੰਸੀ) : ਨੋਟਬੰਦੀ ਦੇ ਮੁੱਦੇ ’ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉਸ ਸਮੇਂ ਸਨਸਨੀ ਫੈਲਾ ਦਿੱਤੀ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ‘ਭ੍ਰਿਸ਼ਟਾਚਾਰ’ ਦੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ। ਕਾਂਗਰਸ ਆਗੂ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਸਿਆਸੀ ਹਲਕਿਆਂ ’ਚ ਖਲਬਲੀ ਮਚ ਗਈ ਅਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਸਬੂਤ ਜਨਤਕ ਕਰਨ ਦੀ ਮੰਗ ਕਰ ਦਿੱਤੀ। ਉਧਰ ਭਾਜਪਾ ਨੇ ਪ੍ਰਧਾਨ ਮੰਤਰੀ ਦਾ ਬਚਾਅ ਕਰਦਿਆਂ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਝੂਠਾ ਅਤੇ ਆਧਾਰਹੀਣ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ ਲੋਕ ਸਭਾ ’ਚ ਉਨ੍ਹਾਂ ਨੂੰ ਨੋਟਬੰਦੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ‘ਜ਼ਲਜ਼ਲਾ’ ਆ ਜਾਏਗਾ।

ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਹੋਣ ਤੋਂ ਬਾਅਦ ਸੰਸਦ ਪਰਿਸਰ ’ਚ 15 ਹੋਰ ਵਿਰੋਧੀ ਪਾਰਟੀਆਂ ਨਾਲ ਰਲ ਕੇ ਕੀਤੀ ਗਈ ਪ੍ਰੈਸ ਕਾਨਫਰੰਸ ’ਚ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਜਿਹੜੀ ਵਿਸਫੋਟਕ ਜਾਣਕਾਰੀ ਹੈ, ਉਸ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਲੋਕ ਸਭਾ ਅੰਦਰ ਬੋਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਬਾਰੇ ਮੇਰੇ ਕੋਲ ਖਾਸ ਜਾਣਕਾਰੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਗੁਬਾਰਾ ਫਟ ਜਾਏਗਾ।’’

ਕਾਂਗਰਸ ਉਪ ਪ੍ਰਧਾਨ ਨੇ ਕਿਹਾ ਕਿ ਉਹ ਸ੍ਰੀ ਨਰਿੰਦਰ ਮੋਦੀ ਖ਼ਿਲਾਫ਼ ਹਾਸਲ ਸੂਚਨਾ ਦਾ ਲੋਕ ਸਭਾ ’ਚ ਹੀ ਖ਼ੁਲਾਸਾ ਕਰਨਾ ਚਾਹੁਣਗੇ। ਉਨ੍ਹਾਂ ਕਿਹਾ ਕਿ ਸਾਰੀ ਵਿਰੋਧੀ ਧਿਰ ਬਿਨਾਂ ਸ਼ਰਤ ਲੋਕ ਸਭਾ ’ਚ ਬਹਿਸ ਲਈ ਤਿਆਰ ਹੈ ਪਰ ਸਰਕਾਰ ਉਸ ਲਈ ਤਿਆਰ ਨਹੀਂ ਹੈ।

‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਆਸੀ ਦੂਸ਼ਣਬਾਜ਼ੀ ’ਚ ਛਾਲ ਮਾਰਦਿਆਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ ਕੋਲ ਪ੍ਰਧਾਨ ਮੰਤਰੀ ਖ਼ਿਲਾਫ਼ ਕੋਈ ਦਸਤਾਵੇਜ਼ ਹਨ ਤਾਂ ਉਹ ਇਨ੍ਹਾਂ ਨੂੰ ਜਨਤਕ ਕਰੇ। ਉਨ੍ਹਾਂ ਦੋਸ਼ ਲਾਏ ਕਿ ਕਾਂਗਰਸ ਅਤੇ ਭਾਜਪਾ ‘ਦੋਸਤਾਨਾ ਮੈਚ’ ਖੇਡ ਰਹੇ ਹਨ ਪਰ ਉਹ ਕੋਈ ਖ਼ੁਲਾਸੇ ਨਹੀਂ ਕਰਨਗੇ। ਸ੍ਰੀ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,‘‘ਦੋਸਤਾਨਾ ਮੈਚ-ਭਾਜਪਾ ਆਖਦੀ ਹੈ ਕਿ ਉਨ੍ਹਾਂ ਕੋਲ ਕਾਂਗਰਸ ਖ਼ਿਲਾਫ਼ ਅਗਸਤਾ ਵੈਸਟਲੈਂਡ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਭਾਜਪਾ ਖ਼ਿਲਾਫ਼ ਸਹਾਰਾ/ਬਿਰਲਾ ਹਨ ਪਰ ਦੋਵੇਂ ਕੋਈ ਖ਼ੁਲਾਸੇ ਨਹੀਂ ਕਰਨਗੇ।’’

ਬਸਪਾ ਸੁਪਰੀਮੋ ਮਾਇਆਵਤੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੋਟਬੰਦੀ ਲਈ ਤਿਆਰ ਨਹੀਂ ਸੀ ਪਰ ਬਿਨਾਂ ਸੋਚੇ-ਵਿਚਾਰੇ ਕਾਹਲੀ ’ਚ ਇਹ ਫ਼ੈਸਲਾ ਲਿਆ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਸ੍ਰੀ ਮੋਦੀ ਕੋਲ ਸੰਸਦ ਅੰਦਰ ਬੋਲਣ ਦੀ ਤਾਕਤ ਨਹੀਂ ਹੈ ਪਰ ਉਹ ਬਾਹਰ ਹਰ ਥਾਂ ’ਤੇ ਇਸ ਮੁੱਦੇ ’ਤੇ ਗੱਲ ਕਰ ਰਹੇ ਹਨ। ਤ੍ਰਿਣਮੂਲ ਕਾਂਗਰਸ ਆਗੂ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਸਰਕਾਰ ਵੱਲੋਂ ਸਦਨ ’ਚ ਵਿਰੋਧੀ ਧਿਰ ਨੂੰ ਨਾ ਬੋਲਣ ਦੇਣ ਕਾਰਨ ਪੂਰੀ ਸੰਸਦੀ ਪ੍ਰਣਾਲੀ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਸੀਪੀਐਮ ਦੇ ਪੀ ਕਰੁਣਾਕਰਨ ਨੇ ਕਿਹਾ ਕਿ ਸਰਕਾਰ, ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਤਰਾਅ ਰਹੀ ਹੈ। ਐਨਸੀਪੀ ਆਗੂ ਤਾਰਿਕ ਅਨਵਰ ਨੇ ਕਿਹਾ ਕਿ ਸਰਕਾਰ ਨੇ ਸਾਜ਼ਿਸ਼ ਕਰ ਕੇ ਅਜਿਹਾ ਮਾਹੌਲ ਬਣਾਇਆ ਹੈ ਕਿ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ।

ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨੰਤ ਕੁਮਾਰ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਕਿਹਾ ਕਿ ਇਹ ਨਿਰਾਸ਼ ਹੋ ਕੇ ਲਾਏ ਗਏ ਹਨ। ਉਨ੍ਹਾਂ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਆਖਦਿਆਂ ਕਿਹਾ ਕਿ ਜੇਕਰ ਉਸ ਕੋਲ ਕੋਈ ਜਾਣਕਾਰੀ ਹੁੰਦੀ ਤਾਂ ਹੁਣ ਤਕ ਉਸ ਨੇ ਇਸ ਨੂੰ ਜਨਤਕ ਕਰ ਦੇਣਾ ਸੀ। ਸ੍ਰੀ ਕੁਮਾਰ ਮੁਤਾਬਕ ਕਾਂਗਰਸ ਮੈਂਬਰ ਰੋਜ਼ ਸਦਨ ਦੇ ਵਿਚਕਾਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ‘ਹੁਣ ਉਹ ਅਫ਼ਵਾਹਾਂ ਫੈਲਾਉਣ ਅਤੇ ਆਧਾਰਹੀਣ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਉਨ੍ਹਾਂ ਦੇ ਸਾਥੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਜਦੋਂ ਬੋਲਣਗੇ ਤਾਂ ਇਸ ਨਾਲ ਸਰਕਾਰ ਨਹੀਂ ਕਾਂਗਰਸ ਦਾ ਰਾਜ਼ ਖੁਲ੍ਹ ਜਾਏਗਾ। ਇਕ ਹੋਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਸਾਲ ਦਾ ‘ਸੱਭ ਤੋਂ ਵੱਡਾ ਚੁਟਕਲਾ’ ਕਰਾਰ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਨਿੱਜੀ ਤੌਰ ’ਤੇ ਭਿ੍ਰਸ਼ਟ : ਰਾਹੁਲ