ਜੈਲਲਿਤਾ ਦੀ ਹਾਲਤ ਬੇਹੱਦ ਨਾਜ਼ੁਕ


ਚੇਨਈ, 5 ਦਸੰਬਰ (ਏਜੰਸੀ) : ਏਆਈਏਡੀਐਮਕੇ ਸੁਪਰੀਮੋ ਅਤੇ ਤਾਮਿਲ ਨਾਡੂ ਦੀ ਮੁੱਖ ਮੰਤਰੀ ਜੇ ਜੈਲਿਤਾ (68) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਪੋਲੋ ਹਸਪਤਾਲ ਅਤੇ ਏਮਜ਼ ਦੇ ਡਾਕਟਰਾਂ ਦੀਆਂ ਵੱਖ ਵੱਖ ਟੀਮਾਂ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀਆਂ ਹਨ। ਐਤਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮਸਨੂਈ ਸਾਹ ਪ੍ਰਣਾਲੀ ’ਤੇ ਰੱਖਿਆ ਗਿਆ ਹੈ। ਹਸਪਤਾਲ ਪ੍ਰਬੰਧਕਾਂ ਮੁਤਾਬਕ ਜੈਲਲਿਤਾ ਦੀ ਹਾਲਤ ਗੰਭੀਰ ਹੈ। ਉਂਜ ਏਆਈਏਡੀਐਮਕੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਗੂ ਦੀ ਸਿਹਤ ’ਚ ਮਾਮੂਲੀ ਸੁਧਾਰ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਤਬੀਅਤ ਦੇ ਨਾਲ ਨਾਲ ਪੂਰੇ ਹਾਲਾਤ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਹਸਪਤਾਲ ਦੇ ਬਾਹਰ ‘ਅੰਮਾ’ ਦੇ ਹਜ਼ਾਰਾਂ ਸਮਰਥਕ ਰਾਤ ਤੋਂ ਉਥੇ ਡਟੇ ਹੋਏ ਹਨ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਅਪੋਲੋ ਹਸਪਤਾਲ ਮੁਤਾਬਕ ਜੈਲਲਿਤਾ ਨੂੰ ਈਸੀਐਮਓ (ਐਕਸਟਰਾਕੋਰਪੋਰੀਅਲ ਮੈਂਬਰੇਨ ਔਕਸੀਜੀਨੇਸ਼ਨ) ਪ੍ਰਣਾਲੀ ’ਤੇ ਰੱਖਿਆ ਗਿਆ ਹੈ ਜਿਸ ਦੀ ਵਰਤੋਂ ਦਿਲ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਰੋਗੀ ਲਈ ਕੀਤੀ ਜਾਂਦੀ ਹੈ। ਚੇਨਈ ਹਸਪਤਾਲ ਦੇ ਡਾਕਟਰਾਂ ਨਾਲ ਰਾਬਤਾ ਬਣਾ ਕੇ ਰੱਖਣ ਵਾਲੇ ਲੰਡਨ ਬ੍ਰਿਜ ਹਸਪਤਾਲ ਦੇ ਡਾਕਟਰ ਰਿਚਰਡ ਬੀਅਲ ਨੇ ਕਿਹਾ ਕਿ ਜੈਲਲਿਤਾ ਦੀ ਤਬੀਅਤ ਬਹੁਤ ਜ਼ਿਆਦਾ ਗੰਭੀਰ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਹਰਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਦੌਰਾਨ ਏਆਈਏਡੀਐਮਕੇ ਦੇ ਵਿਧਾਇਕ ਅੱਜ ਅਪੋਲੋ ਹਸਪਾਤਲ ਪਹੁੰਚ ਗਏ। ਸੂਤਰਾਂ ਮੁਤਾਬਕ ਜੈਲਲਿਤਾ ਦੇ ਜਾਨਸ਼ੀਨ ਨੂੰ ਚੁਣਨ ਬਾਰੇ ਉਥੇ ਚਰਚਾ ਕੀਤੀ ਗਈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਈਆ ਨਾਇਡੂ ਨੇ ਅੱਜ ਸ਼ਾਮ ਅਪੋਲੋ ਹਸਪਤਾਲ ਦਾ ਦੌਰਾ ਕਰ ਕੇ ਕਰੀਬ ਅੱਧੇ ਘੰਟੇ ਤਕ ਜੈਲਲਿਤਾ ਦੀ ਹਾਲਤ ਬਾਰੇ ਡਾਕਟਰਾਂ ਤੋਂ ਜਾਣਕਾਰੀ ਹਾਸਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਾਮਿਲ ਨਾਡੂ ’ਚ ਅਮਨ ਕਾਨੂੰਨ ਦੀ ਹਾਲਤ ਖ਼ਰਾਬ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਲ ਤਾਮਿਲ ਨਾਡੂ ਦੇ ਰਾਜਪਾਲ ਚੌਧਰੀ ਵਿਦਿਆਸਾਗਰ ਰਾਓ ਨਾਲ ਗੱਲਬਾਤ ਕਰ ਕੇ ਜੈਲਲਿਤਾ ਦੀ ਤਬੀਅਤ ਬਾਰੇ ਜਾਣਕਾਰੀ ਲਈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਤਾਮਿਲ ਨਾਡੂ ਸਰਕਾਰ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ’ਚ ਹਾਲਾਤ ਆਮ ਵਾਂਗ ਹਨ ਅਤੇ ਸੀਆਰਪੀਐਫ਼ ਦੀ ਰੈਪਿਡ ਐਕਸ਼ਨ ਫੋਰਸ ਦੇ 900 ਜਵਾਨ ਤਿਆਰ ਹਨ।

ਜੈਲਲਿਤਾ ਦੇ ਕਲ ਮੁੜ ਬਿਮਾਰ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਚੇਨਈ ’ਚ ਬੰਦ ਵਰਗੇ ਹਾਲਾਤ ਹਨ। ਕਈ ਵਿਦਿਅਕ ਅਦਾਰੇ ਅਤੇ ਦਫ਼ਤਰ ਅੱਜ ਬੰਦ ਰਹੇ। ਮਦੁਰਾਇ ਅਤੇ ਹੋਰ ਸ਼ਹਿਰਾਂ ’ਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲੇ। ਦਫ਼ਤਰਾਂ ’ਚ ਜਾਣ ਵਾਲੇ ਮੁਲਾਜ਼ਮਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਏਆਈਏਡੀਐਮਕੇ ਵਰਕਰ ਅਤੇ ਮਹਿਲਾਵਾਂ ਉਦਾਸ ਅਤੇ ਰੋਂਦੇ ਕੁਰਲਾਉਂਦੇ ਦੇਖੇ ਗਏ। ਮਦੁਰਾਇ ਦੀ ਜ਼ਿਲ੍ਹਾ ਅਦਾਲਤ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਬੱਸ ’ਤੇ ਪਥਰਾਓ ਕੀਤਾ। ਉਂਜ ਹਾਲਾਤ ਸ਼ਾਂਤਮਈ ਬਣੇ ਹੋਏ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੈਲਲਿਤਾ ਦੀ ਹਾਲਤ ਬੇਹੱਦ ਨਾਜ਼ੁਕ